
Himachal News: ਹਿਮਾਚਲ ਤੋਂ ਬੁਰੀ ਖਬਰ! ਪੰਜਾਬ ਦੇ ਦੋ ਸ਼ਰਧਾਲੂਆਂ ਦੀ ਮੌਤ, ਸੱਤ ਜ਼ਖ਼ਮੀ
- by Jasbeer Singh
- March 25, 2024

Himachal News: ਹਿਮਾਚਲ ਪ੍ਰਦੇਸ਼ ਦੇ ਊਨਾ ਦੇ ਅੰਬ ਵਿੱਚ ਅੱਜ ਸਵੇਰੇ ਢਿੱਗਾਂ ਡਿੱਗਣ ਕਾਰਨ ਪੰਜਾਬ ਦੇ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਤੇ ਸੱਤ ਜ਼ਖ਼ਮੀ ਹੋ ਗਏ। ਇਨ੍ਹਾਂ ਚੋਂ ਤਿੰਨ ਗੰਭੀਰ ਜ਼ਖਮੀ ਸ਼ਰਧਾਲੂਆਂ ਨੂੰ ਅੰਬ ਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਊਨਾ ਦੇ ਖੇਤਰੀ ਹਸਪਤਾਲ ਚ ਰੈਫਰ ਕਰ ਦਿੱਤਾ ਗਿਆ। ਚਾਰ ਜ਼ਖ਼ਮੀਆਂ ਦਾ ਅੰਬ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਹਾਸਲ ਜਾਣਕਾਰੀ ਅਨੁਸਾਰ ਅੰਬ ਦੇ ਮੇਡੀ ਮੇਲੇ ਵਿੱਚ ਪੰਜਾਬ, ਹਰਿਆਣਾ ਤੇ ਹਿਮਾਚਲ ਤੋਂ ਵੱਡੀ ਗਿਣਤੀ ਸ਼ਰਧਾਲੂ ਸਵੇਰੇ ਪੰਜ ਵਜੇ ਚਰਨ ਗੰਗਾ ਵਿੱਚ ਇਸ਼ਨਾਨ ਕਰ ਰਹੇ ਸਨ। ਇਸ ਦੌਰਾਨ ਪਹਾੜੀ ਤੋਂ ਕੁਝ ਪੱਥਰ ਡਿੱਗ ਗਏ ਜਿਸ ਕਾਰਨ 9 ਸ਼ਰਧਾਲੂ ਜ਼ਖਮੀ ਹੋ ਗਏ। ਸਾਰਿਆਂ ਨੂੰ ਇਲਾਜ ਲਈ ਅੰਬ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋ ਸ਼ਰਧਾਲੂਆਂ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਸਮੇਂ ਸ਼ਰਧਾਲੂਆਂ ਵਿੱਚ ਭਗਦੜ ਮੱਚ ਗਈ। ਹਾਸਲ ਜਾਣਕਾਰੀ ਮੁਤਾਬਕ ਮਰਨ ਵਾਲਿਆਂ ਦੀ ਸ਼ਨਾਖਤ ਬਿੱਲਾ ਪੁੱਤਰ ਕੇਵਲ ਸਿੰਘ ਵਾਸੀ ਫ਼ਰੀਦਕੋਟ ਪੰਜਾਬ ਤੇ ਬਲਵੀਰ ਚੰਦ ਪੁੱਤਰ ਵਤਨਾ ਰਾਮ ਵਾਸੀ ਫ਼ਰੀਦਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਦਾ ਅੰਬ ਵਿੱਚ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਕੁਝ ਸਮੇਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਬਲਵੀਰ ਸਿੰਘ ਪੁੱਤਰ ਰਾਮ ਵਾਸੀ ਨਿਦਾਣਾ ਡਾਕਖਾਨਾ ਖੇੜ ਜ਼ਿਲ੍ਹਾ ਜੀਂਦ ਹਰਿਆਣਾ, ਅੰਗਰੇਜ਼ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਭਰਾੜ ਤਹਿਸੀਲ ਅਜਨਾਲਾ ਅੰਮ੍ਰਿਤਸਰ ਤੇ ਰਘੁਬੀਰ ਸਿੰਘ ਪੁੱਤਰ ਬਿੱਲੂ ਸਿੰਘ ਵਾਸੀ ਰੋਡੀ ਕਪੂਰਾ ਜ਼ਿਲ੍ਹਾ ਫ਼ਰੀਦਕੋਟ ਨੂੰ ਊਨਾ ਰੈਫਰ ਕੀਤਾ ਗਿਆ ਹੈ। ਇਸ ਹਾਦਸੇ ਚ ਜ਼ਖਮੀ ਸ਼ਰਧਾਲੂ ਗੋਵਿੰਦ ਪੁੱਤਰ ਦੇਵਰਾਜ ਵਾਸੀ ਬਰਨਾਲਾ, ਧਰਮਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਸੋਲ ਜ਼ਿਲ੍ਹਾ ਤਰਨ ਤਾਰਨ, ਹਰਪਾਲ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਅੰਮ੍ਰਿਤਸਰ ਤੇ ਬਬਲੂ ਪੁੱਤਰ ਲਾਲੀ ਵਾਸੀ ਪਿੰਡ ਬਰਾੜ ਅੰਮ੍ਰਿਤਸਰ ਅੰਬ ਹਸਪਤਾਲ ਚ ਜ਼ੇਰੇ ਇਲਾਜ ਹਨ।