
ਜ਼ਿਲ੍ਹਾ ਸੰਗਰੂਰ ਵਿੱਚ ਸ਼ਾਮ 7 ਵਜੇ ਤੋਂ ਅਗਲੇ ਦਿਨ ਸਵੇਰੇ 9 ਵਜੇ ਤੱਕ ਕਣਕ ਕੱਟਣ ’ਤੇ ਪਾਬੰਦੀ
- by Jasbeer Singh
- March 31, 2025

ਜ਼ਿਲ੍ਹਾ ਸੰਗਰੂਰ ਵਿੱਚ ਸ਼ਾਮ 7 ਵਜੇ ਤੋਂ ਅਗਲੇ ਦਿਨ ਸਵੇਰੇ 9 ਵਜੇ ਤੱਕ ਕਣਕ ਕੱਟਣ ’ਤੇ ਪਾਬੰਦੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਅਮਿਤ ਬੈਂਬੀ ਵੱਲੋਂ ਹੁਕਮ ਜਾਰੀ 1 ਅਪ੍ਰੈਲ ਤੋਂ 31 ਮਈ ਤੱਕ ਰਹਿਣਗੇ ਲਾਗੂ ਸੰਗਰੂਰ, 31 ਮਾਰਚ : ਵਧੀਕ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਸ੍ਰੀ ਅਮਿਤ ਬੈਂਬੀ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਸੰਗਰੂਰ ਵਿੱਚ ਸ਼ਾਮ 7 ਵਜੇ ਤੋਂ ਅਗਲੇ ਦਿਨ ਸਵੇਰੇ 9 ਵਜੇ ਤੱਕ ਕਣਕ ਦੀ ਕਟਾਈ ਕਰਨ ’ਤੇ ਪਾਬੰਦੀ ਲਗਾਈ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਖੇਤਾਂ ਵਿੱਚ ਖੜ੍ਹੇ ਸੁੱਕੇ ਕਰਚਿਆਂ ਨੂੰ ਅੱਗ ਲਗਾਉਣ ਉਤੇ ਵੀ ਪਾਬੰਦੀ ਲਗਾਈ ਗਈ ਹੈ ਅਤੇ ਜ਼ਿਲ੍ਹਾ ਸੰਗਰੂਰ ਅੰਦਰ ਕਣਕ ਕੱਟਣ ਵਾਲੀਆਂ ਕੰਬਾਈਨਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਪੁਰਾਣੀਆਂ ਹਾਰਵੈਸਟਰ ਕੰਬਾਈਨਾਂ ਦੀ ਨਿਰਮਾਤਾ ਕੰਪਨੀ ਅਤੇ ਖੇਤੀਬਾੜੀ ਵਿਭਾਗ (ਮੁੱਖ ਖੇਤੀਬਾੜੀ ਅਫ਼ਸਰ) ਤੋਂ ਜਾਂਚ ਕਰਵਾਈ ਜਾਵੇ ਤਾਂ ਕਿ ਕਣਕ ਦੀ ਵਾਢੀ ਸਮੇਂ ਕੁਆਲਿਟੀ ਖਰਾਬ ਨਾ ਹੋਵੇ। ਹੁਕਮਾਂ ’ਚ ਕਿਹਾ ਗਿਆ ਹੈ ਕਿ ਪਿਛਲੇ ਸਾਲਾਂ ਦੇ ਤਜਰਬੇ ਤੋਂ ਵੇਖਣ ਵਿੱਚ ਆਇਆ ਹੈ ਕਿ ਕਣਕ ਦੀ ਕਟਾਈ ਰਾਤ ਸਮੇਂ ਕਰਨ ਨਾਲ ਕਣਕ ਵਿੱਚ ਸਲ੍ਹਾਬ/ ਨਮੀ ਰਹਿ ਜਾਂਦੀ ਹੈ ਅਤੇ ਖਰੀਦ ਏਜੰਸੀਆਂ ਵੱਲੋਂ ਉਸਦੀ ਖਰੀਦ ਨਾ ਕਰਨ ਤੇ ਕਾਨੂੰਨ ਦੀ ਸਥਿਤੀ ਖਰਾਬ ਹੋਣ ਦਾ ਡਰ ਰਹਿੰਦਾ ਹੈ । ਇਸੇ ਤਰ੍ਹਾਂ ਕਣਕ ਦੀ ਕਟਾਈ ਤੋਂ ਬਾਅਦ ਖੇਤਾਂ ਵਿੱਚ ਖੜੇ ਸੁੱਕੇ ਖਰਚਿਆਂ ਨੂੰ ਅੱਗ ਲਗਾਉਣ ਨਾਲ ਨਾ ਕੇਵਲ ਪ੍ਰਦੂਸ਼ਣ ਹੁੰਦਾ ਹੈ ਬਲਕਿ ਅੱਗ ਲੱਗਣ ਦਾ ਡਰ ਵੀ ਰਹਿੰਦਾ ਹੈ । ਇਸ ਦੇ ਇਲਾਵਾ ਪੁਰਾਣੀਆਂ ਹਾਰਵੈਸਟਰ ਕੰਬਾਈਨਾਂ ਕਣਕ ਦੇ ਦਾਣਿਆਂ ਦੀ ਕੁਆਲਿਟੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ । ਮਕੈਨੀਕਲ ਨੁਕਸ ਹੋਣ ਕਾਰਨ ਟੁੱਟੇ ਦਾਣਿਆਂ ਦੀ ਮਾਤਰਾ ਵੀ ਮਾਪਦੰਡਾਂ ਤੋਂ ਕਾਫੀ ਵੱਧ ਜਾਂਦੀ ਹੈ, ਜਿਸ ਕਰਕੇ ਖਰੀਦ ਏਜੰਸੀਆਂ ਅਜਿਹੀ ਕਣਕ ਦੀ ਖਰੀਦ ਕਰਨ ਤੋਂ ਹਿਚਕਚਾਉਂਦੀਆਂ ਹਨ। ਕਣਕ ਸਮੇਂ ਸਿਰ ਨਾ ਵਿਕਣ ਕਾਰਨ ਕਿਸਾਨਾਂ ਵਿੱਚ ਰੋਸ ਪੈਦਾ ਹੁੰਦਾ ਹੈ ਅਤੇ ਇਸ ਨਾਲ ਅਮਨ ਕਾਨੂੰਨ ਦੀ ਸਥਿਤੀ ਨੂੰ ਖਤਰਾ ਪੈਦਾ ਹੁੰਦਾ ਹੈ । ਵਧੀਕ ਜ਼ਿਲ੍ਹਾ ਮੈਜਿਸਟਰੇਟ ਅਮਿਤ ਬੈਂਬੀ ਵੱਲੋਂ ਜਾਰੀ ਇਹ ਹੁਕਮ 1 ਅਪ੍ਰੈਲ 2025 ਤੋਂ 31 ਮਈ 2025 ਤੱਕ ਲਾਗੂ ਰਹਿਣਗੇ ।