post

Jasbeer Singh

(Chief Editor)

Punjab

ਪੰਚਾਇਤ ਫੰਡਾਂ ਵਿੱਚ 24.69 ਲੱਖ ਰੁਪਏ ਦੇ ਗਬਨ ਦੇ ਦੋਸ਼ ਹੇਠ ਬੀ. ਡੀ. ਪੀ. ਓ. ਅਤੇ ਸਾਬਕਾ ਸਰਪੰਚ ਵਿਜੀਲੈਂਸ ਬਿਊਰੋ ਵੱ

post-img

ਪੰਚਾਇਤ ਫੰਡਾਂ ਵਿੱਚ 24.69 ਲੱਖ ਰੁਪਏ ਦੇ ਗਬਨ ਦੇ ਦੋਸ਼ ਹੇਠ ਬੀ. ਡੀ. ਪੀ. ਓ. ਅਤੇ ਸਾਬਕਾ ਸਰਪੰਚ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਚੰਡੀਗੜ੍ਹ 31 ਅਗਸਤ, 2025 : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਦੇ ਤਤਕਾਲੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀ. ਡੀ. ਪੀ. ਓ.) ਲਖਬੀਰ ਸਿੰਘ, ਜੋ ਮੌਜੂਦਾ ਸਮੇਂ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਘੱਲ ਖੁਰਦ ਵਿਖੇ ਤਾਇਨਾਤ ਹੈ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੀ ਗ੍ਰਾਮ ਪੰਚਾਇਤ ਗਹਿਰੀ ਮੰਡੀ ਦੇ ਸਾਬਕਾ ਸਰਪੰਚ ਮਨਜਿੰਦਰ ਸਿੰਘ ਨੂੰ 24,69,949 ਰੁਪਏ ਦੇ ਪੰਚਾਇਤੀ ਫੰਡਾਂ ਦੇ ਗਬਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਪਿੰਡ ਗਹਿਰੀ ਮੰਡੀ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ । ਇਸ ਉਪਰੰਤ ਵਿਜੀਲੈਂਸ ਬਿਊਰੋ ਦੀ ਇੱਕ ਤਕਨੀਕੀ ਟੀਮ ਨੇ ਸਾਲ 2013 ਤੋਂ 2017 ਤੱਕ ਉਕਤ ਗ੍ਰਾਮ ਪੰਚਾਇਤ ਨੂੰ ਪ੍ਰਾਪਤ ਵਿਕਾਸ ਫੰਡਾਂ ਵਿੱਚ ਹੇਰਫੇਰ ਸਬੰਧੀ ਜਾਂਚ ਕੀਤੀ । ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਸਮੇਂ ਦੌਰਾਨ, ਇਸ ਗ੍ਰਾਮ ਪੰਚਾਇਤ ਨੂੰ ਕੁੱਲ 49,21,658 ਰੁਪਏ ਦੇ ਫੰਡ ਪ੍ਰਾਪਤ ਹੋਏ ਅਤੇ ਇਨ੍ਹਾਂ ਵਿੱਚੋਂ ਸਿਰਫ 17,37,900 ਰੁਪਏ ਖਰਚ ਕੀਤੇ ਗਏ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸਰਪੰਚ ਮਨਜਿੰਦਰ ਸਿੰਘ ਨੇ ਤਤਕਾਲੀ ਗ੍ਰਾਮ ਪੰਚਾਇਤ ਸਕੱਤਰ ਕਰਨਜੀਤ ਸਿੰਘ ਅਤੇ ਉਕਤ ਬੀ. ਡੀ. ਪੀ. ਓ. ਲਖਬੀਰ ਸਿੰਘ ਦੀ ਮਿਲੀਭੁਗਤ ਨਾਲ ਅਤੇ ਸਾਜ਼ਿਸ਼ ਤਹਿਤ 24,69,949 ਰੁਪਏ ਦੇ ਫੰਡਾਂ ਦਾ ਗਬਨ ਕੀਤਾ । ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੇ ਆਧਾਰ 'ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ), 13(2) ਅਤੇ ਆਈ. ਪੀ. ਸੀ. ਦੀ ਧਾਰਾ 201, 409, 420, 120-ਬੀ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ।

Related Post