ਪਾਨ ਮਸਾਲੇ `ਤੇ ਸੈੱਸ ਲਾਉਣ ਵਾਲਾ ਬਿੱਲ ਲੋਕ ਸਭਾ `ਚ ਪ੍ਰਵਾਨ ਨਵੀਂ ਦਿੱਲੀ, 6 ਦਸੰਬਰ 2025 : ਲੋਕ ਸਭਾ ਨੇ ਪਾਨ ਮਸਾਲੇ `ਤੇ ਸੈੱਸ ਲਾਉਣ ਦੀ ਵਿਵਸਥਾ ਵਾਲੇ ਬਿੱਲ ਨੂੰ ਸ਼ੁੱਕਰਵਾਰ ਮਨਜ਼ੂਰੀ ਦੇ ਦਿੱਤੀ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ `ਸਿਹਤ ਸੁਰੱਖਿਆ ਤੇ ਰਾਸ਼ਟਰੀ ਸੁਰੱਖਿਆ ਸੈੱਸ ਬਿੱਲ-2025` `ਤੇ ਚਰਚਾ ਦਾ ਜਵਾਬ ਦਿੱਤਾ, ਜਿਸ ਤੋਂ ਬਾਅਦ ਹਾਊਸ ਨੇ ਕਈ ਸੋਧਾਂ ਨੂੰ ਰੱਦ ਕਰ ਦਿੱਤਾ ਤੇ ਬਿੱਲ ਨੂੰ ਜ਼ੁਬਾਨੀ ਵੋਟਾਂ ਨਾਲ ਪ੍ਰਵਾਨ ਕਰ ਲਿਆ। ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਖਰਚਿਆਂ ਲਈ ਹੋਵੇਗੀ ਵਰਤੋਂ ਚਰਚਾ ਦਾ ਜਵਾਬ ਦਿੰਦੇ ਹੋਏ ਸੀਤਾਰਾਮਨ ਨੇ ਪੁੱਛਿਆ ਕਿ ਕੀ ਮੈਂ ਆਮ ਆਦਮੀ ਲਈ ਮੁੱਢਲੀਆਂ ਲੋੜਾਂ ਦੀ ਕਿਸੇ ਵੀ ਵਸਤੂ `ਤੇ ਟੈਕਸ ਲਾ ਰਹੀ ਹਾਂ ? ਬਿਲਕੁਲ ਨਹੀਂ। ਮੈਂ ਇਸ ਬਿੱਲ ਦੇ ਘੇਰੇ `ਚ ਆਟਾ ਨਹੀਂ ਲਿਆ ਰਹੀ। ਸਿਰਫ਼ ਨੁਕਸਾਨਦੇਹ ਵਸਤੂਆਂ `ਤੇ ਸੈੱਸ ਲਾਇਆ ਜਾ ਰਿਹਾ ਹੈ। ਇਸ ਤੋਂ ਹੋਣ ਵਾਲੀ ਆਮਦਨੀ ਦੀ ਵਰਤੋਂ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਖਰਚਿਆਂ ਲਈ ਕੀਤੀ ਜਾਵੇਗੀ । ਰੱਖਿਆ ਤੇ ਸੜਕ ਨਿਰਮਾਣ ਲਈ ਪੈਸਿਆਂ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਰੱਖਿਆ ਤੇ ਸੜਕ ਨਿਰਮਾਣ ਲਈ ਪੈਸਿਆਂ ਦੀ ਲੋੜ ਹੈ। ਬੋਫੋਰਸ ਘਪਲੇ ਤੋਂ ਬਾਅਦ ਪਿਛਲੇ 30 ਸਾਲਾਂ ਤੱਕ ਕੋਈ ਤੋਪ ਨਹੀਂ ਖਰੀਦੀ ਗਈ । ਹਾਲਾਤ ਅਜਿਹੇ ਬਣ ਗਏ ਕਿ ਇਸ ਸਮੇਂ ਦੌਰਾਨ ਬਹੁਤ ਸਾਰੇ ਰੱਖਿਆ ਮੰਤਰੀ ਫੈਸਲੇ ਲੈਣ ਦੇ ਯੋਗ ਨਹੀਂ ਸਨ। ਸੈੱਸ ਲਾਉਣ ਦਾ ਮੰਤਵ ਰਾਸ਼ਟਰੀ ਸੁਰੱਖਿਆ ਤੇ ਜਨਤਕ ਸਿਹਤ ਨਾਲ ਸਬੰਧਤ ਖਰਚਿਆਂ ਲਈ ਵਾਧੂ ਇਕੱਠੇ ਕਰਨਾ ਹੈ ।
