
ਕਿਸਾਨਾਂ ’ਤੇ ਹੋਈ ਤਸ਼ੱਦਦ ਦਾ ਭਾਜਪਾ ਤੇ ਆਮ ਆਦਮੀ ਪਾਰਟੀ ਤੋਂ ਲੈਣਗੇ ਹਿਸਾਬ : ਐਨ. ਕੇ. ਸ਼ਰਮਾ
- by Jasbeer Singh
- April 29, 2024

ਪਟਿਆਲਾ, 29 ਅਪੈ੍ਰਲ (ਜਸਬੀਰ)-ਸ਼ੋ੍ਰਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਐਨ. ਕੇ. ਸ਼ਰਮਾ ਨੇ ਕਿਹਾ ਕਿ ਪੰਜਾਬ ਦੀਆਂ ਸਰਹੱਦਾਂ ਅਤੇ ਕਿਸਾਨਾਂ ਨਾਲ ਹੋਈ ਤਸ਼ੱਦਦ ਦਾ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਅਤੇ ਭਾਜਪਾ ਤੋਂ ਹਿਸਾਬ ਲੈਣਗੇ। ਉਨ੍ਹਾਂ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਕਿਸਾਨਾਂ ਨਾਲ ਐਮ. ਐਸ. ਪੀ. ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਨੇ ਭਾਜਪਾ ਨਾਲ ਮਿਲ ਕੇ ਨਾ ਕੇਵਲ ਕਿਸਾਨਾਂ ਦਾ ਹੱਕ ਖੋਹਣ ਦੀ ਕੋਸ਼ਿਸ਼ ਕੀਤੀ ਸਗੋਂ ਜੇਕਰ ਕਿਸਾਨਾਂ ਨੇ ਆਵਾਜ਼ ਬੁਲੰਦ ਕਰਨੀ ਚਾਹੀ ਤਾਂ ਉਨ੍ਹਾਂ ਦੀ ਆਵਾਜ਼ ਬੰਦ ਕਰ ਦਿੱਤੀ ਗਈ। ਉਨ੍ਹਾਂ ਨੂੰ ਆਪਣੇ ਹੱਕ ਮੰਗਣ ਲਈ ਦਿੱਲੀ ਤੱਕ ਨਹੀਂ ਜਾਣ ਦਿੱਤਾ ਗਿਆ। ਐਨ. ਕੇ. ਸ਼ਰਮਾ ਨੇ ਕਿਹਾ ਕਿ ਹੁਣ ਤੱਕ ਇਸ ਕਿਸਾਨੀ ਸੰਘਰਸ਼ ਵਿਚ 700 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਦੀ ਇਕ ਵੀ ਮੰਗ ਪੂਰੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਇਹੋ ਕਾਰਨ ਹੈ ਕਿ ਜਦੋਂ ਜਦੋਂ ਵੀ ਸੱਤਾ ਰਾਸ਼ਟਰੀ ਪਾਰਟੀਆਂ ਦੇ ਹੱਕ ਵਿਚ ਗਈ ਤਾਂ ਪੰਜਾਬ ਨੂੰ ਵੱਡਾ ਨੁਕਸਾਨ ਉਠਾਉਣਾ ਪਿਆ ਕਿਉਕਿ ਪੰਜਾਬੀਆਂ ਦਾ ਦਰਦ ਸਿਰਫ਼ ਸ਼ੋ੍ਰਮਣੀ ਅਕਾਲੀ ਦਲ ਹੀ ਸਮਝ ਸਕਦਾ ਹੈ ਬਾਕੀ ਸਾਰੀਆਂ ਪਾਰਟੀਆਂ ਭਾਵੇਂ ਭਾਰਤੀ ਜਨਤਾ ਪਾਰਟੀ ਹੋਵੇ, ਕਾਂਗਰਸ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ ਦੇ ਰਿਮੋਟ ਕੰਟਰੋਲ ਦਿੱਲੀ ਵਿਖੇ ਬੈਠੇ ਉਨ੍ਹਾਂ ਦੇ ਆਕਾਵਾਂ ਦੇ ਹੱਥਾਂ ਵਿਚ ਹੈ, ਜਿਸਦੇ ਚਲਦਿਆਂ ਉਹ ਪੰਜਾਬ ਤੇ ਪੰਜਾਬੀਆਂ ਦਾ ਭਲਾ ਸੋਚ ਹੀ ਨਹੀਂ ਸਕਦੇ।