ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਨਾਲ ਤੋਂ ਦੀਵਾਨਗੜ੍ਹ ਤੱਕ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾਇਆ ਕਰੀਬ 1.75 ਕਰੋੜ ਦੀ ਲਾਗਤ ਵਾਲੀ ਸੜਕ 31 ਮਾਰਚ 2025 ਤੱਕ ਹੋਵੇਗੀ ਮੁਕੰਮਲ : ਹਰਪਾਲ ਸਿੰਘ ਚੀਮਾ ਦਿੜ੍ਹਬਾ/ਸੰਗਰੂਰ, 25 ਨਵੰਬਰ : ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਿੰਡ ਜਨਾਲ ਤੋਂ ਦੀਵਾਨਗੜ੍ਹ (ਕੈਂਪਰ) ਤੱਕ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰਖਦਿਆਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ । ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਦਿੜ੍ਹਬਾ ਅਧੀਨ ਆਉਂਦੇ ਪੇਂਡੂ ਤੇ ਸ਼ਹਿਰੀ ਇਲਾਕੇ ਦਾ ਬਹੁਪੱਖੀ ਵਿਕਾਸ ਪੜਾਅਵਾਰ ਢੰਗ ਨਾਲ ਕਰਵਾਇਆ ਜਾ ਰਿਹਾ ਹੈ ਅਤੇ ਇਸ ਸੜਕ ਦਾ ਨਿਰਮਾਣ ਵੀ ਵਿਕਾਸ ਕਾਰਜਾਂ ਦੀ ਕੜੀ ਦਾ ਅਹਿਮ ਹਿੱਸਾ ਹੈ। ਉਨ੍ਹਾਂ ਨੇ ਸੜਕ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਅਣਗੌਲੀ ਰਹੀ ਇਹ ਸੜਕ ਅਗਲੇ 4 ਮਹੀਨਿਆਂ ਅੰਦਰ ਮੁਕੰਮਲ ਹੋਣ ਨਾਲ ਲੋਕ ਵੱਡੀ ਰਾਹਤ ਮਹਿਸੂਸ ਕਰਨਗੇ । ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 4.40 ਕਿਲੋਮੀਟਰ ਲੰਬਾਈ ਵਾਲੀ ਇਸ ਸੜਕ ਦੇ ਨਿਰਮਾਣ ਲਈ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ) ਵੱਲੋਂ ਲਗਭਗ 1.75 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ ਅਤੇ ਇਹ ਸੜਕ 31 ਮਾਰਚ 2025 ਤੱਕ ਮੁਕੰਮਲ ਹੋ ਜਾਵੇਗੀ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਨਿਵਾਸੀਆਂ ਦੀ ਇਹ ਮੰਗ ਚਿਰਾਂ ਤੋਂ ਲਟਕ ਰਹੀ ਸੀ ਅਤੇ ਪਿਛਲੀਆਂ ਸਰਕਾਰਾਂ ਨੇ ਇਸ ਸੜਕ ਦਾ ਕੇਵਲ ਨੀਂਹ ਪੱਥਰ ਰੱਖ ਕੇ ਹੀ ਡੰਗ ਟਪਾਇਆ ਜਦਕਿ ਨਿਰਮਾਣ ਨਹੀਂ ਕਰਵਾਇਆ ਗਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਕਿਸਾਨਾਂ ਤੇ ਹੋਰ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਪਿੰਡਾਂ ਅੰਦਰ ਕੁਨੈਕਟੀਵਿਟੀ ਵਧਣ ਨਾਲ ਵਾਹਨਾਂ ਦੇ ਪੈਟਰੋਲ ਡੀਜ਼ਲ ਦੀ ਬੱਚਤ ਹੋਵੇਗੀ ਅਤੇ ਸਫ਼ਰ ਲਈ ਲੱਗਣ ਵਾਲਾ ਸਮਾਂ ਘਟੇਗਾ । ਹਰਪਾਲ ਸਿੰਘ ਚੀਮਾ ਨੇ ਦੁਹਰਾਇਆ ਕਿ ਉਹ ਹਲਕੇ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਆਉਣ ਵਾਲੇ ਕੁਝ ਸਮੇਂ ਅੰਦਰ ਹਲਕਾ ਨਿਵਾਸੀ ਹਰੇਕ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸੜਕਾਂ ਦੇ ਨਿਰਮਾਣ ਤੇ ਮੁਰੰਮਤ ਦੇ ਨਾਲ ਨਾਲ ਸਿੱਖਿਆ, ਸਿਹਤ, ਪੀਣ ਲਈ ਸਾਫ਼ ਪਾਣੀ, ਖੇਤਾਂ ਤੱਕ ਨਹਿਰੀ ਪਾਣੀ, ਬਿਜਲੀ ਗਰਿੱਡਾਂ ਦਾ ਨਿਰਮਾਣ ਸਮੇਤ ਹੋਰ ਸੁਵਿਧਾਵਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ । ਇਸ ਮੌਕੇ ਐਕਸੀਅਨ ਲੋਕ ਨਿਰਮਾਣ ਵਿਭਾਗ ਅਜੇ ਗਰਗ, ਐਸ.ਡੀ.ਓ ਦਲਜੀਤ ਸਿੰਘ, ਸਰਪੰਚ ਹਰਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਗ੍ਰਾਮ ਪੰਚਾਇਤ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.