post

Jasbeer Singh

(Chief Editor)

Punjab

ਝੋਨੇ ਦੀ ਪਰਾਲੀ ਦੇ ਖੇਤ ਵਿੱਚ ਹੀ ਪ੍ਰਬੰਧਨ ਸਬੰਧੀ ਪਿੰਡ ਬਟੂਹਾ ਖੁਰਦ ਵਿਖੇ ਕੈਂਪ ਲਗਾਇਆ

post-img

ਝੋਨੇ ਦੀ ਪਰਾਲੀ ਦੇ ਖੇਤ ਵਿੱਚ ਹੀ ਪ੍ਰਬੰਧਨ ਸਬੰਧੀ ਪਿੰਡ ਬਟੂਹਾ ਖੁਰਦ ਵਿਖੇ ਕੈਂਪ ਲਗਾਇਆ ਲੋਂਗੋਵਾਲ, 17 ਅਕਤੂਬਰ 2025 : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਿੰਡ ਬਟੂਹਾ ਖੁਰਦ ਵਿਖੇ ਝੋਨੇ ਦੀ ਪਰਾਲੀ ਨੂੰ ਬਗੈਰ ਅੱਗ ਲਗਾਏ ਖੇਤ ਵਿੱਚ ਹੀ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਪਿੰਡ ਦੇ ਅਗਾਂਹਵਧੂ 50 ਤੋਂ ਵੱਧ ਕਿਸਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ । ਕੈਂਪ ਦੀ ਪ੍ਰਧਾਨਗੀ ਕਰਦੇ ਹੋਏ ਡਾ. ਅਸ਼ੋਕ ਕੁਮਾਰ ਗਰਗ, ਜ਼ਿਲ੍ਹਾ ਪਸਾਰ ਵਿਗਿਆਨੀ (ਭੂਮੀ ਵਿਗਿਆਨ) ਅਤੇ ਇੰਚਾਰਜ ਨੇ ਝੋਨੇ ਦੀ ਪਰਾਲੀ ਦੇ ਖੇਤ ਵਿੱਚ ਹੀ ਪ੍ਰਬੰਧਨ ਲਈ ਹੈਪੀਸੀਡਰ, ਸੁਪਰ ਸੀਡਰ, ਪੀ. ਏ. ਯੂ. ਸਮਾਰਟ ਸੀਡਰ ਅਤੇ ਸਰਫੇਸ ਸੀਡਿੰਗ-ਕਮ-ਮਲਚਿੰਗ ਵਿਧੀ ਨਾਲ ਕਣਕ ਦੀ ਬਿਜਾਈ ਕਰਨ ਬਾਰੇ ਵਿਸਥਾਰਪੂਰਵਕ ਦੱਸਿਆ । ਉਹਨਾਂ ਕਿਹਾ ਕਿ ਇਕ ਟਨ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ 400 ਕਿਲੋ ਜੈਵਿਕ ਕਾਰਬਨ, 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼ ਅਤੇ 1.2 ਕਿਲੋ ਗੰਧਕ ਤੱਤ ਨਸ਼ਟ ਹੋ ਜਾਂਦੇ ਹਨ। ਪਰਾਲੀ ਨੂੰ ਸਾੜਨ ਨਾਲ ਪੌਸ਼ਟਿਕ ਤੱਤਾਂ ਦਾ ਪੂਰੀ ਤਰ੍ਹਾਂ ਨੁਕਸਾਨ ਹੋਣ ਦੇ ਨਾਲ ਨਾਲ ਹਾਨੀਕਾਰਕ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ ਅਤੇ ਨਾਈਟ੍ਰਿਕ ਆਕਸਾਈਡ ਦਾ ਵੀ ਵਾਤਾਣਰਣ ਵਿੱਚ ਚਲੀਆਂ ਜਾਦੀਆਂ ਹਨ । ਇਸ ਦੇ ਨਾਲ-ਨਾਲ ਸੜਕ ਦੁਰਘਟਨਾਵਾਂ ਦਾ ਵਧਣਾ, ਮਨੁੱਖਾਂ ਅਤੇ ਜਾਨਵਰਾਂ ਦੀ ਸਿਹਤ ਦਾ ਵਿਗੜਨਾ, ਪੰਛੀਆਂ ਦਾ ਮਰਨਾ ਆਦਿ ਵੀ ਹੋ ਸਕਦਾ ਹੈ । ਉਹਨਾਂ ਕਿਸਾਨਾਂ ਨੂੰ ਸਾਉਣੀ ਦੀ ਫਸਲ ਦੀ ਵਾਢੀ ਤੋਂ ਬਾਅਦ ਆਪਣੇ ਖੇਤ ਦੀ ਮਿੱਟੀ ਚੈੱਕ ਕਰਾਉਣ ਲਈ ਪ੍ਰੇਰਿਤ ਕੀਤਾ ਅਤੇ ਮਿੱਟੀ ਪਰਖ ਲਈ ਨਮੂਨਾ ਲੈਣ ਦੇ ਢੰਗ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਮਿੱਟੀ ਦੀ ਜੈਵਿਕ ਸਿਹਤ ਸੁਧਾਰਨ ਲਈ ਅਗਲੀ ਹਾੜ੍ਹੀ ਵਿੱਚ ਬੀਜੀ ਜਾਣ ਵਾਲੀ ਕਣਕ ਨੂੰ ਲੱਗਣ ਵਾਲੇ ਜੈਵਿਕ ਟੀਕੇ (ਕੰਨਸ਼ੋਰਸ਼ੀਅਮ) ਦੇ ਫਾਇਦਿਆਂ ਬਾਰੇ ਦੱਸਿਆ।ਹਾੜ੍ਹੀ ਦੀਆਂ ਮੁੱਖ ਫਸਲਾਂ ਵਿੱਚ ਸੁਚੱਜੇ ਖੁਰਾਕ ਪ੍ਰਬੰਧਨ ਬਾਰੇ ਵਿਚਾਰ ਸਾਂਝੇ ਕੀਤੇ । ਪੀ.ਏ.ਯੂ. ਲੁਧਿਆਣਾ ਵਲੋਂ ਸਿਫ਼ਾਰਸ਼ ਕੀਤੀ ਕਣਕ ਦੀ ਨਵੀਂ ਕਿਸਮ ਪੀ ਬੀ ਡਬਲਯੂ 872 ਅਤੇ ਕਣਕ ਦੀਆਂ ਹੋਰ ਸਿਫ਼ਾਰਸ਼ ਕੀਤੀਆਂ ਕਿਸਮਾਂ ਬਾਰੇ ਅਤੇ ਇਸ ਦੀ ਵਿੱਕਰੀ ਲਈ ਕੇਂਦਰ 'ਤੇ ਉਪਲਬਧਤਾ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਪਸ਼ੂਆਂ ਦੀ ਚੰਗੀ ਸਿਹਤ ਲਈ ਧਾਤਾਂ ਦਾ ਚੂਰਾ, ਪਸ਼ੂ ਚਾਟ, ਬਾਈਪਾਸ ਫੈਟ, ਪ੍ਰੀ-ਮਿਕਸ, ਪੀ. ਏ. ਯੂ. ਸਾਹਿਤ ਦੇ ਨਾਲ-ਨਾਲ ਸਬਜ਼ੀਆਂ ਦੀਆਂ ਕਿੱਟਾਂ, ਮਟਰ ਅਤੇ ਛੋਲੇ ਦੇ ਬੀਜ ਵੀ ਵੇਚੇ ਗਏ । ਅੰਤ ਵਿੱਚ ਕਿਸਾਨਾਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਜਿਵੇਂ ਕਿ ਕਣਕ ਵਿੱਚ ਮੈਂਗਨੀਜ਼ ਦੀ ਘਾਟ ਦਾ ਪ੍ਰਬੰਧਨ, ਚੂਨੇ ਦੇ ਪਾਣੀ ਦੀ ਲੋੜ, ਮਿੱਟੀ ਪਰਖ ਰਿਪੋਰਟ ਦੀ ਵਿਆਖਿਆ, ਨੈਨੋ ਯੂਰੀਆ ਨਾ ਵਰਤਣ ਤੇ ਜੋਰ, ਆਦਿ ਦੇ ਜਵਾਬ ਦਿੱਤੇ ਗਏ। ਘਰੇਲੂ ਬਗੀਚੀ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਉਹਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਸਰਦੀ ਰੁੱਤ ਦੀਆਂ ਸਬਜ਼ੀ ਦੀਆਂ ਕਿੱਟਾਂ ਬਾਰੇ ਚਾਨਣਾ ਪਾਇਆ ਅਤੇ ਸੇਲ ਵਾਸਤੇ ਵੀ ਉਪਲਬਧ ਕਰਵਾਇਆ ਗਿਆ।ਇਸ ਮੌਕੇ ਪੀ. ਏ. ਯੂ. ਸਾਹਿਤ ਦੀ ਪ੍ਰਦਰਸ਼ਨੀ ਅਤੇ ਸੇਲ ਵੀ ਕੀਤੀ ਗਈ। ਇਸ ਮੌਕੇ ਪਿੰਡ ਦੇ ਸਰਪੰਚ ਜਗਰਾਜ ਸਿੰਘ ਨੇ ਕੈਂਪ ਲਗਾਉਣ ਵਿੱਚ ਪੂਰਾ ਸਹਿਯੋਗ ਦਿੱਤਾ ਅਤੇ ਨਾਲ ਹੀ ਸ. ਕਮਲਜੀਤ ਸਿੰਘ, ਸ. ਨਿਹਾਲ ਸਿੰਘ, ਰਜਿੰਦਰ ਸਿੰਘ ਅਤੇ ਹੋਰ ਵੀ ਕੈਂਪ ਵਿੱਚ ਮੌਜੂਦ ਰਹੇ । ਅੰਤ ਵਿੱਚ ਸਰਪੰਚ ਜਗਰਾਜ ਸਿੰਘ ਨੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਦੇ ਇੰਚਾਰਜ ਡਾ. ਅਸ਼ੋਕ ਕੁਮਾਰ ਗਰਗ ਦਾ ਧੰਨਵਾਦ ਕੀਤਾ । 

Related Post