ਪਟਿਆਲਾ 'ਚ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਬਲ ਮਿਲਿਆ -ਯੁੱਧ ਨਸ਼ਿਆਂ ਵਿਰੁੱਧ ਤਹਿਤ ਸਾਕੇਤ ਹਸਪਤਾਲ 'ਚ ਵੀ ਸ਼ੁਰੂ ਹੋਈਆਂ ਸੀ. ਐਮ. ਦੀ ਯੋਗਸ਼ਾਲਾ ਦੀਆਂ ਕਲਾਸਾਂ -ਨਸ਼ਿਆਂ ਤੋਂ ਮੁਕਤੀ ਪਾਉਣ ਲਈ ਯੋਗਾ ਨਸ਼ਾ ਗ੍ਰਸਤ ਵਿਅਕਤੀ ਨੂੰ ਸਰੀਰਕ, ਮਾਨਸਿਕ ਤੇ ਸਮਾਜਿਕ ਤੌਰ 'ਤੇ ਮਜ਼ਬੂਤ ਬਣਾਉਦਾ ਹੈ-ਡਾ. ਪ੍ਰੀਤੀ ਯਾਦਵ ਪਟਿਆਲਾ, 19 ਅਪ੍ਰੈਲ : ਪਟਿਆਲਾ ਵਿਖੇ ਨਸ਼ਿਆਂ ਵਿਰੁੱਧ ਅਰੰਭੀ ਮੁਹਿੰਮ ਨੂੰ ਉਸ ਵੇਲੇ ਹੋਰ ਬਲ ਮਿਲਿਆ ਹੈ ਜਦੋਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰੈਡ ਕਰਾਸ ਸਾਕੇਤ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਵਿਖੇ ਸੀ.ਐਮ ਦੀ ਯੋਗਸ਼ਾਲਾ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ । ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਨਸ਼ਿਆਂ ਤੋਂ ਮੁਕਤੀ ਪਾਉਣ ਲਈ ਯੋਗਾ ਨਸ਼ਾ ਗ੍ਰਸਤ ਵਿਅਕਤੀ ਨੂੰ ਸਰੀਰਕ, ਮਾਨਸਿਕ ਤੇ ਸਮਾਜਿਕ ਤੌਰ 'ਤੇ ਮਜ਼ਬੂਤ ਬਣਾਉਦਾ ਹੈ, ਜਿਸ ਲਈ ਸਾਕੇਤ ਹਸਪਤਾਲ ਵਿਖੇ ਨਸ਼ਾ ਛੱਡਣ ਲਈ ਦਾਖਲ ਵਿਅਕਤੀਆਂ ਨੂੰ ਯੋਗਾ ਸਿਖਾਉਣ ਲਈ ਸੀ. ਐਮ. ਦੀ ਯੋਗਸ਼ਾਲਾ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪਹਿਲ ਨਸ਼ੇ ਦੀ ਲਤ ਨਾਲ ਜੂਝ ਰਹੇ ਲੋਕਾਂ ਨੂੰ ਇੱਕ ਨਵੀਂ ਦਿਸ਼ਾ ਦੇਣ ਅਤੇ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਇਹਨਾਂ ਨਿਯਮਤ ਯੋਗਾ ਕਲਾਸਾਂ ਦੀ ਨਿਗਰਾਨੀ ਏ. ਡੀ. ਸੀ. (ਜ) ਇਸ਼ਾ ਸਿੰਗਲ ਖੁਦ ਕਰ ਰਹੇ ਹਨ । ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜੋ ਲੋਕ ਯੋਗਾ ਰਾਹੀਂ ਨਸ਼ਾ ਛੱਡਣਾ ਚਾਹੁੰਦੇ ਹਨ, ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਸਿਹਤਮੰਦ ਬਣਨ ਵਿੱਚ ਮਦਦ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਸੀਐਮ ਦੀ ਯੋਗਸ਼ਾਲਾ ਅਤੇ ਸਾਕੇਤ ਹਸਪਤਾਲ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਇਸ ਪਹਿਲਕਦਮੀ ਨੂੰ ਨਸ਼ਾ ਮੁਕਤ ਸਮਾਜ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ । ਇਸੇ ਦੌਰਾਨ ਸਾਕੇ ਹਸਪਤਾਲ ਦੀ ਪ੍ਰਾਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਨੇ ਕਿਹਾ ਕਿ ਸਾਕੇਤ ਹਸਪਤਾਲ ਵਿਖੇ ਦਾਖਲ ਹੋਣ ਵਾਲੇ ਨਸ਼ੇ ਦੀ ਲਤ ਦੇ ਸ਼ਿਕਾਰ ਲੋਕਾਂ ਨੂੰ ਯੋਗਾ ਨਾਲ ਬਹੁਤ ਜਿਆਦਾ ਮਦਦ ਮਿਲੇਗੀ । ਪਟਿਆਲਾ ਜ਼ਿਲ੍ਹੇ ਦੀ ਸੀ. ਐਮ. ਦੀ ਯੋਗਸ਼ਾਲਾ ਦੀ ਕੋਆਰਡੀਨੇਟਰ ਭਾਵਨਾ ਭਾਰਤੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਉਦੇਸ਼ ਜਿੱਥੇ ਰਾਜ ਦੇ ਨਸ਼ੇ ਦੇ ਸ਼ਿਕਾਰ ਲੋਕਾਂ ਨੂੰ ਧਿਆਨ ਅਤੇ ਯੋਗਾ ਅਭਿਆਸ ਰਾਹੀਂ ਸ਼ਰੀਰਿਕ ਮਾਨਸਿਕ ਅਤੇ ਸਮਾਜਿਕ ਤੌਰ ਤੇ ਮਜਬੂਤ ਬਣਾਉਣਾ ਹੈ ਉੱਥੇ ਇਸ ਨਾਲ ਨਸ਼ੇ ਛੱਡਣ ਵਾਲਿਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਵੀ ਹੈ ।

