
ਤਿੰਨ ਵਾਰ ਪਤਨੀ ਨੂੰ ਵਟਸਐਪ ਰਾਹੀਂ ਤਲਾਕ ਕਹਿਣ ਦੇ ਦੋਸ਼ ਹੇਠ ਕੇਸ ਦਰਜ
- by Jasbeer Singh
- March 3, 2025

ਤਿੰਨ ਵਾਰ ਪਤਨੀ ਨੂੰ ਵਟਸਐਪ ਰਾਹੀਂ ਤਲਾਕ ਕਹਿਣ ਦੇ ਦੋਸ਼ ਹੇਠ ਕੇਸ ਦਰਜ ਕੇਰਲ, 3 ਮਾਰਚ : ਕੇਰਲਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਇਸ ਲਈ ਕੇਸ ਦਰਜ ਕੀਤਾ ਹੈ ਕਿਉਂਕਿ ਉਸ ਵਲੋਂ ਪਤਨੀ ਨੂੰ ਤਲਾਕ ਦੇਣ ਲਈ ਵਟਸਐਪ ਰਾਹੀਂ ਤਿੰਨ ਵਾਰ ਤਲਾਕ ਕਿਹਾ ਸੀ । ਪੁਲਸ ਨੇ ਨੇਲੀਕੱਟਾ ਦੇ ਰਹਿਣ ਵਾਲੇ ਅਬਦੁਲ ਰਜ਼ਾਕ ਖ਼ਿਲਾਫ਼ ਇਹ ਕਾਰਵਾਈ ਕੀਤੀ ਹੈ । ਅਬਦੁਲ ਰਜ਼ਾਕ ਦੀ 21 ਸਾਲਾ ਪਤਨੀ ਨੇ ਪੁਲਸ ਨੂੰ ਸ਼ਿਕਾਇਤ ਵਿੱਚ ਦੱਸਿਆ ਕਿ 21 ਫਰਵਰੀ ਨੂੰ ਅਬਦੁਲ ਨੇ ਉਸ ਨੂੰ ਵਟਸਐਪ ਵੁਆਇਸ ਮੈਸੇਜ ਰਾਹੀਂ ਤਲਾਕ ਦੇ ਦਿੱਤਾ । ਸਿ਼ਕਾਇਤ ਮੁਤਾਬਕ ਖਾੜੀ ਵਿੱਚ ਕੰਮ ਕਰਨ ਵਾਲੇ ਰਜ਼ਾਕ ਨੇ ਯੂਏਈ ਤੋਂ ਲੜਕੀ ਦੇ ਪਿਤਾ ਦੇ ਵਟਸਐਪ ਨੰਬਰ ’ਤੇ ਤਲਾਕ ਦਾ ਸੰਦੇਸ਼ ਭੇਜਿਆ । ਲੜਕੀ ਨੇ ਪਤੀ ਅਤੇ ਉਸ ਦੇ ਪਰਿਵਾਰ ’ਤੇ ਦਾਜ ਮੰਗਣ ਦੇ ਦੋਸ਼ ਲਾਏ ਹਨ। ਉਸ ਦੇ ਪਿਤਾ ਨੇ ਵੀ ਰਜ਼ਾਕ ’ਤੇ ਉਸ ਨਾਲ 12 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਲਾਏ। ਪੁਲਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ।