

ਜਗਾਧਰੀ ਦੀ ਅਨਾਜ ਮੰਡੀ ਵਿੱਚ ਕਰਵਾਏ ਸਮਾਗਮ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੰਵਰਪਾਲ ਨੇ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਜਗਾਧਰੀ, ਕਰਨਾਲ ਅਤੇ ਪਿੰਜੌਰ ਦੇ 4203 ਲਾਭਪਾਤਰੀਆਂ ਨੂੰ ਅਲਾਟਮੈਂਟ ਪੱਤਰ ਵੰਡਦਿਆਂ ਕਿਹਾ ਕਿ ਸਾਡੀ ਸਰਕਾਰ ਦਾ ਉਦੇਸ਼ ਹੈ ਕਿ ਹਰੇਕ ਸਿਰ ਨੂੰ ਛੱਤ ਮਿਲੇ ਅਤੇ ਸੂਬੇ ਦੇ ਆਖਰੀ ਵਿਅਕਤੀ ਤੱਕ ਸਰਕਾਰੀ ਸਕੀਮਾਂ ਦਾ ਲਾਭ ਪ੍ਰਾਪਤ ਹੋਵੇ। ਪ੍ਰੋਗਰਾਮ ਵਿੱਚ ਯਮੁਨਾਨਗਰ ਦੇ ਵਿਧਾਇਕ ਘਨਸ਼ਿਆਮ ਦਾਸ ਅਰੋੜਾ ਵਿਸ਼ੇਸ਼ ਮਹਿਮਾਨ ਸਨ। ਮੰਤਰੀ ਕੰਵਰਪਾਲ ਨੇ ਜਗਾਧਰੀ ਦੇ 3139, ਕਰਨਾਲ ਦੇ 521 ਅਤੇ ਪਿੰਜੌਰ ਦੇ 543 ਲਾਭਪਾਤਰੀਆਂ ਨੂੰ ਅਲਾਟਮੈਂਟ ਪੱਤਰ ਦੇ ਕੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਯਮੁਨਾਨਗਰ ਦੇ 14, ਕਰਨਾਲ ਦੇ 20 ਅਤੇ ਪਿੰਜੌਰ ਦੇ 16 ਲਾਭਪਾਤਰੀਆਂ ਨੂੰ ਮੰਚ ’ਤੇ ਹੀ ਪੱਤਰ ਵੰਡੇ ਗਏ। ਬਾਕੀ ਰਹਿੰਦੇ ਲਾਭਪਾਤਰੀਆਂ ਨੂੰ ਨਾਮ ਦੇ ਪਹਿਲੇ ਅੱਖਰ ਦੇ ਆਧਾਰ ’ਤੇ 13 ਕਾਊਂਟਰਾਂ ’ਤੇ ਪੱਤਰ ਦਿੱਤੇ। ਖੇਤੀਬਾੜੀ ਮੰਤਰੀ ਕੰਵਰਪਾਲ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਗਰੀਬ ਪਰਿਵਾਰਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਯਤਨਸ਼ੀਲ ਹਨ। ਜਿਸ ਵਿਅਕਤੀ ਕੋਲ ਆਪਣਾ ਘਰ ਨਹੀਂ ਹੈ, ਉਸ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਪਲਾਟ ਅਲਾਟਮੈਂਟ ਪੱਤਰ ਵੰਡੇ ਜਾ ਰਹੇ ਹਨ। ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਰੀਬ 9000 ਪੇਂਡੂ ਲੋਕਾਂ ਨੂੰ ਉਨ੍ਹਾਂ ਦੇ 100 ਗਜ਼ ਦੇ ਪਲਾਟਾਂ ਦੀ ਮਾਲਕੀ ਦੇ ਪੱਤਰ ਦਿੱਤੇ ਅਤੇ ਅੱਜ ਸੂਬੇ ਦੇ 14 ਸ਼ਹਿਰਾਂ ਦੇ 15,250 ਲਾਭਪਾਤਰੀਆਂ ਨੂੰ ਪਲਾਟ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਸ ਪਿੰਡ ਵਿੱਚ ਪੰਚਾਇਤੀ ਜ਼ਮੀਨ ਨਹੀਂ ਹੈ, ਉਸ ਪਿੰਡ ਦੇ ਗਰੀਬ ਵਿਅਕਤੀ ਨੂੰ ਪਲਾਟ ਖਰੀਦਣ ਲਈ 1 ਲੱਖ ਰੁਪਏ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਹਰਿਆਣਾ ਸ਼ਹਿਰੀ ਆਵਾਸ ਯੋਜਨਾ ਦੇ ਤਹਿਤ ਨਗਰ ਨਿਗਮ ਯਮੁਨਾਨਗਰ-ਜਗਾਧਰੀ ਖੇਤਰ ਦੇ 3139 ਲਾਭਪਾਤਰੀਆਂ ਨੂੰ ਅਲਾਟਮੈਂਟ ਪੱਤਰ ਵੰਡੇ ਗਏ। ਇਨ੍ਹਾਂ ਵਿੱਚ ਖਾਨਾਬਦੋਸ਼ ਜਾਤੀ ਦੇ 54 ਪਰਿਵਾਰ, 246 ਵਿਧਵਾਵਾਂ, 814 ਅਨੁਸੂਚਿਤ ਜਾਤੀ ਅਤੇ 225 ਹੋਰ ਵਰਗਾਂ ਦੇ ਪਰਿਵਾਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਖਤਮ ਹੋਏ ਨੂੰ ਹਾਲੇ ਸਿਰਫ਼ 20 ਦਿਨ ਹੋਏ ਹਨ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਗਰੀਬਾਂ ਲਈ ਵੱਡੇ ਕੰਮ ਕੀਤੇ ਜਾ ਰਹੇ ਹਨ। ਹੈਪੀ ਸਕੀਮ ਤਹਿਤ ਗਰੀਬ ਲੋਕ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿੱਚ 1000 ਕਿਲੋਮੀਟਰ ਦਾ ਮੁਫਤ ਸਫਰ ਕਰ ਸਕਣਗੇ। ਮੁੱਖ ਮੰਤਰੀ ਨੇ ਮਜ਼ਦੂਰਾਂ ਦੇ ਵਿਕਾਸ ਲਈ ਕਈ ਐਲਾਨ ਕੀਤੇ ਹਨ ਅਤੇ ਇਨ੍ਹਾਂ ਐਲਾਨਾਂ ਨੂੰ ਲਾਗੂ ਕਰਨ ਲਈ ਤੁਰੰਤ 80 ਕਰੋੜ ਰੁਪਏ ਦੀ ਮਨਜ਼ੂਰੀ ਵੀ ਦਿੱਤੀ ਹੈ। ਬਿਜਲੀ ਬਿੱਲ ਘਟਾਉਣ ਲਈ ਮੁੱਖ ਮੰਤਰੀ ਨੇ ਗਰੀਬ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ’ਤੇ ਸੋਲਰ ਪਾਵਰ ਪਲਾਂਟ ਲਗਾਉਣ ਦਾ ਫੈਸਲਾ ਵੀ ਕੀਤਾ ਹੈ। ਪ੍ਰੋਗਰਾਮ ਵਿੱਚ ਡੀਸੀ ਕੈਪਟਨ ਮਨੋਜ ਕੁਮਾਰ ਨੇ ਖੇਤੀਬਾੜੀ ਮੰਤਰੀ ਕੰਵਰਪਾਲ, ਏਡੀਸੀ ਆਯੂਸ਼ ਸਿਨਹਾ ਨੇ ਵਿਧਾਇਕ ਘਨਸ਼ਿਆਮ ਦਾਸ ਅਰੋੜਾ, ਐੱਸਡੀਐੱਮ ਜਗਾਧਰੀ ਸੋਨੂੰ ਰਾਮ ਨੇ ਜ਼ਿਲ੍ਹਾ ਪਰਿਸ਼ਦ ਪ੍ਰਧਾਨ ਰਮੇਸ਼ ਠਸਕਾ, ਸ਼ਹਿਰੀ ਵਿਕਾਸ ਅਥਾਰਿਟੀ ਪਿੰਜੌਰ ਦੀ ਪ੍ਰਸ਼ਾਸਕ ਵਰਸ਼ਾ ਖਗਨਵਾਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.