ਦੋ ਸਾਈਬਰ ਠੱਗਾਂ ਨੂੰ ਚੰਡੀਗੜ੍ਹ ਪੁਲਸ ਨੇ ਕੀਤਾ ਕਾਬੂ ਚੰਡੀਗੜ੍ਹ, 26 ਦਸੰਬਰ 2025 : ਚੰਡੀਗੜ੍ਹ ਸ਼ਹਿਰ ਦੇ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਨੇ ਅੰਤਰ-ਰਾਜੀ ਠੱਗਾਂ ਦੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਦੱਸਣਯੋਗ ਹੈ ਕਿ ਇਹ ਮੁਲਜ਼ਮ ਦੂਰ-ਦੁਰਾਡੇ ਬੈਠ ਕੇ ਚੰਡੀਗੜ੍ਹ ਦੇ ਨਿਵਾਸੀਆਂ ਨੂੰ ਆਪਣਾ ਸਿ਼ਕਾਰ ਬਣਾ ਰਹੇ ਸਨ। ਪੁਲਸ ਨੇ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ ਤਾਂ ਜੋ ਪੁੱਛਗਿੱਛ ਦੌਰਾਨ ਕਈ ਹੋਰ ਵੱਡੇ ਖੁਲਾਸੇ ਹੋ ਸਕਣ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਐਸ. ਪੀ. ਸਾਈਬਰ ਕ੍ਰਾਈਮ ਗੀਤਾਂਜਲੀ ਖੰਡੇਲਵਾਲ ਦੀ ਅਗਵਾਈ ਹੇਠ ਬਣੀ ਵਿਸ਼ੇਸ਼ ਟੀਮ ਨੇ ਤਕਨੀਕੀ ਜਾਂਚ ਦੇ ਆਧਾਰ `ਤੇ ਦਮਨ ਅਤੇ ਦੀਊ ਵਿੱਚ ਜਦੋਂ ਛਾਪੇਮਾਰੀ ਕੀਤੀ ਤਾਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਵਿਚ ਸੰਸਕਾਰ ਜੈਨ (22) ਜਿਸ ਦੇ ਖਾਤਿਆਂ ਵਿੱਚ 26.5 ਲੱਖ ਰੁਪਏ ਦੀ ਠੱਗੀ ਦੀ ਰਕਮ ਟ੍ਰਾਂਸਫਰ ਹੋਈ ਸੀ ਅਤੇ ਰਬਿੰਦਰ ਕੁਮਾਰ ਪਟੇਲ (28): ਜੋ ਇਸ ਪੂਰੇ ਲੈਣ-ਦੇਣ ਵਿੱਚ ਸ਼ਾਮਲ ਸੀ। ਠੱਗੇ ਨੇ ਦਿੱਤਾ ਸੈਕਟਰ-32 ਦੇ ਵਸਨੀਕ ਨੂੰ ਫੇਸਬੁੱਕ ਰਾਹੀਂ ਝਾਂਸਾ ਪ੍ਰਾਪਤ ਜਾਣਕਾਰੀ ਅਨੁਸਾਰ ਉਪਰੋਕਤ ਠੱਗਾਂ ਨੇ ਚੰਡੀਗੜ੍ਹ ਦੇ ਸੈਕਟਰ-32 ਦੇ ਵਸਨੀਕ ਸੁਨੀਲ ਕੁਮਾਰ ਨੂੰ ਫੇਸਬੁੱਕ ਰਾਹੀਂ ਇੱਕ ਅਜਿਹਾ ਝਾਂਸਾ ਦਿੱਤਾ ਜਿਸ ਵਿੱਚ ਉਹ ਫਸ ਗਏ । ਮੁਲਜ਼ਮਾਂ ਨੇ ਆਪਣੇ-ਆਪ ਨੂੰ ਅਮਰੀਕੀ ਕੰਪਨੀ ਦਾ ਨੁਮਾਇੰਦਾ ਦੱਸ ਕੇ ਮੈਡੀਕਲ ਉਤਪਾਦ ਦੇ ਕਾਰੋਬਾਰ ਵਿੱਚ ਕਰੋੜਾਂ ਦੇ ਮੁਨਾਫੇ ਦਾ ਲਾਲਚ ਦਿੱਤਾ। ਨਕਲੀ ਸਪਲਾਇਰ ਅਤੇ ਫਰਜ਼ੀ ਬਿੱਲਾਂ ਦੇ ਜਾਲ ਵਿੱਚ ਫਸਾ ਕੇ ਠੱਗਾਂ ਨੇ ਸ਼ਿਕਾਇਤਕਰਤਾ ਤੋਂ ਵੱਖ-ਵੱਖ ਬੈਂਕ ਖਾਤਿਆਂ ਵਿੱਚ 60,65,883 ਰੁਪਏ ਜਮ੍ਹਾ ਕਰਵਾ ਲਏ।
