 
                                             ਮੁੱਖ ਮੰਤਰੀ ਮਾਨ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਮੱਥਾ ਟੇਕਿਆ: ਸੂਬੇ ਦੀ ਤਰੱਕੀ ਤੇ ਵਿਕਾਸ ਅਤੇ ਲੋਕਾਂ ਦੀ ਖ
- by Jasbeer Singh
- August 20, 2024
 
                              ਮੁੱਖ ਮੰਤਰੀ ਮਾਨ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਮੱਥਾ ਟੇਕਿਆ: ਸੂਬੇ ਦੀ ਤਰੱਕੀ ਤੇ ਵਿਕਾਸ ਅਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਕੀਤੀ ਅਰਦਾਸ ਨਾਂਦੇੜ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ ਤਰੱਕੀ ਤੇ ਵਿਕਾਸ ਅਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪਵਿੱਤਰ ਤਖ਼ਤ ਸ੍ਰੀ ਹਜ਼ੂਰ ਸਾਹਿਬ, ਸਿੱਖ ਧਰਮ ਦੇ ਪੰਜ ਸਰਵਉੱਚ ਧਾਰਮਿਕ ਅਸਥਾਨਾਂ: ਸ੍ਰੀ ਅਕਾਲ ਤਖ਼ਤ ਸਾਹਿਬ (ਅੰਮ੍ਰਿਤਸਰ), ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ), ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਅਤੇ ਤਖ਼ਤ ਸ੍ਰੀ ਪਟਨਾ ਸਾਹਿਬ (ਬਿਹਾਰ) ਵਿੱਚੋਂ ਇੱਕ ਪਵਿੱਤਰ ਸਥਾਨ ਹੈ, ਜਿੱਥੋਂ ਕੌਮ ਨੂੰ ਅਧਿਆਤਮਕ, ਅਲੌਕਿਕ ਅਤੇ ਨੈਤਿਕ ਤਾਕਤ ਤੇ ਰਹਿਨੁਮਾਈ ਮਿਲਦੀ ਹੈ। ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਧਰਮ ਨਿਰਪੱਖਤਾ ਦੀਆਂ ਸਦੀਆਂ ਪੁਰਾਣੀਆਂ ਰਵਾਇਤਾਂ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਧਾਰਮਿਕ ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ, ਨੇ ਆਪਣੇ ਜੀਵਨ ਦਾ ਲੰਮਾ ਸਮਾਂ ਇਸ ਪਵਿੱਤਰ ਸਥਾਨ ’ਤੇ ਹੀ ਗੁਜ਼ਾਰਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਵਿੱਤਰ ਧਰਤੀ ’ਤੇ ਨਤਮਸਤਕ ਹੋਣ ਦਾ ਮੌਕਾ ਪਾ ਕੇ ਉਹ ਖ਼ੁਦ ਨੂੰ ਵਡਭਾਗਾ ਸਮਝਦੇ ਹਨ । ਮੁੱਖ ਮੰਤਰੀ ਨੇ ਪੂਰੀ ਨਿਮਰਤਾ ਅਤੇ ਸਮਰਪਣ ਨਾਲ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਦਾ ਬਲ ਬਖ਼ਸ਼ਣ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਅਮਨ ਪਸੰਦ ਸਮਾਜ ਦੀ ਸਿਰਜਣਾ ਲਈ ਜਾਤ, ਰੰਗ, ਨਸਲ ਅਤੇ ਧਰਮ ਦੀ ਪਰਵਾਹ ਕੀਤੇ ਬਿਨਾਂ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਈ। ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪਣ ਲਈ ਵੀ ਪਰਮਾਤਮਾ ਦਾ ਧੰਨਵਾਦ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਹੋਣ ਵਾਲੀ ਮੁੰਬਈ ਫੇਰੀ ਦੌਰਾਨ ਉੱਘੇ ਉਦਯੋਗਪਤੀਆਂ ਅਤੇ ਬਾਲੀਵੁੱਡ ਸਿਤਾਰਿਆਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਮਕਸਦ ਉਦਯੋਗ ਅਤੇ ਫਿਲਮ ਜਗਤ ਦੀਆਂ ਵੱਡੀਆਂ ਹਸਤੀਆਂ ਵਿੱਚ ਪੰਜਾਬ ਨੂੰ ਨਿਵੇਸ਼ ਲਈ ਪਸੰਦੀਦਾ ਸਥਾਨ ਵਜੋਂ ਉਭਾਰਨਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਵਿੱਚ ਫਿਲਮ ਸਿਟੀ ਸਥਾਪਤ ਕਰਨ ਲਈ ਇੱਕ ਪ੍ਰੋਜੈਕਟ ਲੈ ਕੇ ਆ ਰਹੀ ਹੈ, ਜਿਸ ਲਈ ਇਹ ਵਿਚਾਰ-ਵਟਾਂਦਰਾ ਇੱਕ ਪ੍ਰੇਰਕ ਵਜੋਂ ਕੰਮ ਕਰੇਗਾ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     