

ਕੁਲਗਾਮ : ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਬੱਦਲ ਫਟਣ ਨਾਲ ਮੌਕੇ 'ਤੇ ਭਾਰੀ ਤਬਾਹੀ ਹੋਣ ਦੀ ਸੂਚਨਾ ਮਿਲੀ ਹੈ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਮੁਖਤਾਰ ਅਹਿਮਦ ਚੌਹਾਨ ਪੁੱਤਰ ਮੁਹੰਮਦ ਹੁਸੈਨ ਚੌਹਾਨ ਵਾਸੀ ਬੰਗੜ ਬਾਲਾ ਵਜੋਂ ਹੋਈ ਹੈ। ਜ਼ਖ਼ਮੀ ਵਿਅਕਤੀ ਮ੍ਰਿਤਕ ਦਾ ਭਰਾ ਰਫਾਕਤ ਅਹਿਮਦ ਚੌਹਾਨ ਦੱਸਿਆ ਜਾਂਦਾ ਹੈ।ਜਾਣਕਾਰੀ ਦਿੰਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਨੂੰ ਕੁਲਗਾਮ ਦੇ ਦਮਹਾਲ ਹਾਂਜੀਪੋਰਾ ਇਲਾਕੇ 'ਚ ਬੱਦਲ ਫਟਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਬੱਦਲ ਫਟਣ ਦੀ ਘਟਨਾ ਡੀ.ਐੱਚ. ਪੋਰਾ ਦੇ ਬਨਵਾਰਡ ਇਲਾਕੇ 'ਚ ਹੋਇਆ। ਇਸ ਤੋਂ ਤੁਰੰਤ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਪੁਲਸ ਅਤੇ ਸਿਵਲ ਪ੍ਰਸ਼ਾਸਨ ਮੌਕੇ 'ਤੇ ਮੌਜੂਦ ਹੈ। ਡੀ.ਐੱਚ. ਪੋਰਾ ਦੇ ਤਹਿਸੀਲਦਾਰ ਜ਼ਾਹਿਦ ਅਹਿਮਦ ਨੇ ਦੱਸਿਆ ਕਿ ਇੱਕ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਹੋਰ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ।