
ਡਰੋਨ ਦੇ ਮਲਬੇ ਨਾਲ ਹੋਏ ਹਾਦਸੇ 'ਚ ਮਾਰੀ ਗਈ ਮਹਿਲਾ ਦੇ ਪਰਿਵਾਰ ਨੂੰ ਮੁੱਖ ਮੰਤਰੀ ਵੱਲੋਂ 5 ਲੱਖ ਰੁਪਏ ਐਕਸ ਗ੍ਰੇਸ਼ੀਆ ਦ
- by Jasbeer Singh
- May 13, 2025

ਡਰੋਨ ਦੇ ਮਲਬੇ ਨਾਲ ਹੋਏ ਹਾਦਸੇ 'ਚ ਮਾਰੀ ਗਈ ਮਹਿਲਾ ਦੇ ਪਰਿਵਾਰ ਨੂੰ ਮੁੱਖ ਮੰਤਰੀ ਵੱਲੋਂ 5 ਲੱਖ ਰੁਪਏ ਐਕਸ ਗ੍ਰੇਸ਼ੀਆ ਦੀ ਘੋਸ਼ਣਾ ਫ਼ਿਰੋਜ਼ਪੁਰ, 13 ਮਈ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਖਾਈ ਫ਼ੇਮੇ ਕੀ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਦੀ ਡਰੋਨ ਹਾਦਸੇ ਵਿੱਚ ਹੋਈ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਮੁੱਖ ਮੰਤਰੀ ਨੇ ਦੁਖੀ ਪਰਿਵਾਰ ਲਈ 5 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ । ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ 9 ਮਈ ਦੀ ਰਾਤ ਨੂੰ ਇੱਕ ਡਰੋਨ ਟਕਰਾਉਣ ਤੋਂ ਬਾਅਦ ਉਸਦਾ ਮਲਬਾ ਇੱਕ ਖੜੀ ਕਾਰ 'ਤੇ ਆ ਡਿੱਗਾ, ਜਿਸ ਕਾਰਨ ਅੱਗ ਲੱਗ ਗਈ । ਇਸ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰ — ਲਖਵਿੰਦਰ ਸਿੰਘ (ਪੁੱਤਰ ਬਗੀਚਾ ਸਿੰਘ), ਉਸ ਦੀ ਪਤਨੀ ਸੁਖਵਿੰਦਰ ਕੌਰ ਅਤੇ ਉਨ੍ਹਾਂ ਦਾ ਪੁੱਤਰ ਮੋਨੂ — ਜ਼ਖ਼ਮੀ ਹੋ ਗਏ। ਤਿੰਨਾਂ ਨੂੰ ਤੁਰੰਤ ਬਾਘੀ ਹਸਪਤਾਲ ਵਿੱਚ ਫਰਸਟ ਏਡ ਲਈ ਲਿਜਾਇਆ ਗਿਆ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁਖਵਿੰਦਰ ਕੌਰ ਦੇ ਗੰਭੀਰ ਤਰੀਕੇ ਨਾਲ ਅੱਗ ਵਿੱਚ ਝੁਲਸ ਜਾਣ ਕਾਰਨ ਉਸ ਨੂੰ ਉੱਚ ਇਲਾਜ ਲਈ ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ ਰੈਫਰ ਕੀਤਾ ਗਿਆ ਸੀ। ਡਾਕਟਰਾਂ ਦੀਆਂ ਸਾਰੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਪਿਛਲੀ ਰਾਤ ਨੂੰ ਜ਼ਿੰਦਗੀ ਦੀ ਜੰਗ ਹਾਰ ਗਈ। ਪੰਜਾਬ ਸਰਕਾਰ ਨੇ ਦੁਖੀ ਪਰਿਵਾਰ ਪ੍ਰਤੀ ਆਪਣੀ ਸੰਵੇਦਨਾ ਪ੍ਰਗਟਾਈ ਹੈ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਦੁਖੀ ਪਰਿਵਾਰ ਨੂੰ 5 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਗਿਆ ਹੈ ।