
CM ਭਗਵੰਤ ਮਾਨ ਨੇ ਨਿਭਾਇਆ ਵਾਅਦਾ, ਹੁਣ NOC ਬਿਨ੍ਹਾਂ ਹੋਵੇਗੀ ਰਜਿਸਟਰੀ .....
- by Jasbeer Singh
- September 2, 2024

ਪੰਜਾਬ : ਪੰਜਾਬ ਵਿੱਚ ਨਾਜਾਇਜ਼ ਰੂਪ ਨਾਲ ਬਣੀਆਂ ਕਾਲੋਨੀਆਂ ਵਿੱਚ ਪਲਾਟ ਖਰੀਦਣ ਵਾਲੇ ਲੋਕਾਂ ਨੂੰ ਰਜਿਸਟਰੀ ਕਰਵਾਉਣ ਸਮੇਂ ਆ ਰਹੀ ਸਮੱਸਿਆ ਦਾ ਹੱਲ ਕਰਨ ਦਾ ਵਾਅਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰਾ ਕਰ ਦਿੱਤਾ ਹੈ। ਜਿਸ ਦੇ ਤਹਿਤ ਨਾਜਾਇਜ਼ ਕਾਲੋਨੀਆਂ ਵਿੱਚ ਸਥਿਤ 500 ਗਜ਼ ਦੇ ਪਲਾਟ ਦੀ ਰਜਿਸਟਰੀ NOC ਤੋਂ ਬਿਨ੍ਹਾਂ ਹੋਵੇਗੀ। ਇਸਦੇ ਲਈ ਬਿੱਲ ਵਿਧਾਨ ਸਭਾ ਦੇ ਆਗਾਮੀ ਸੈਸ਼ਨ ਵਿੱਚ ਪੇਸ਼ ਹੋਵੇਗਾ। ਇਸ ਸਬੰਧੀ ਬਣਾਏ ਗਏ ਪ੍ਰਸਤਾਵ ਦੇ ਮੁਤਾਬਕ ਲੋਕਾਂ ਨੂੰ ਰਾਹਤ ਦੇਣ ਲਈ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ ਵਿਚ ਸੋਧ ਕੀਤੀ ਜਾਵੇਗੀ । ਮੌਜੂਦਾ ਸਮੇਂ ਦੌਰਾਨ ਨਾਜਾਇਜ਼ ਕਾਲੋਨੀਆਂ ਵਿੱਚ ਸਥਿਤ ਪਲਾਟ ਦੀ ਰਜਿਸਟਰੀ ਕਰਵਾਉਣ ਲਈ NOC ਲੈਣਾ ਲਾਜਮੀ ਹੈ, ਜਿਸ ਦੇ ਲਈ ਮਾਰਚ 2018 ਤੋਂ ਪਹਿਲਾਂ ਦੀ ਰਜਿਸਟਰੀ, ਐਗਰੀਮੈਂਟ ਜਾਂ ਪਾਵਰ ਆਫ ਅਟਾਰਨੀ ਹੋਣੀ ਚਾਹੀਦੀ ਹੈ। ਪਰ ਜਿਨ੍ਹਾਂ ਲੋਕਾਂ ਕੋਲ 2018 ਤੋਂ ਪਹਿਲਾਂ ਪ੍ਰਾਪਰਟੀ ਦੀ ਸੇਲ-ਪ੍ਰਚੇਜ਼ ਸਬੰਧੀ ਕੋਈ ਦਸਤਾਵੇਜ਼ ਨਹੀਂ ਹਨ ਉਨ੍ਹਾਂ ਲੋਕਾਂ ਦੇ ਪਲਾਟ ਦੀ ਰਜਿਸਟਰੀ NOC ਤੋਂ ਬਿਨ੍ਹਾਂ ਨਹੀਂ ਹੋ ਰਹੀ ਹੈ।