 
                                              
                              ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸ਼ਾਇਰ ਦੇਵ ਦਰਦ ਅਤੇ ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਪੰਜਾਬ ਨਾਟਸ਼ਾਲਾ ਵਿੱਚ ‘ਔਰਤ, ਸਮਾਜ ਅਤੇ ਸੰਘਰਸ਼’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਦੇ ਸਵਾਗਤੀ ਸਬਦਾਂ ਨਾਲ ਸ਼ੁਰੂ ਹੋਏ ਸਮਾਗਮ ਨੂੰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਅਗਾਂਹ ਤੋਰਿਆ। ਡਾ. ਪਰਮਿੰਦਰ ਨੇ ਕਿਹਾ ਕਿ ਸਮਾਜ ਅੰਦਰ ਸਦੀਆਂ ਤੋਂ ਫੈਲੀਆਂ ਰੂੜੀਵਾਦੀ ਪਰੰਪਰਾਵਾਂ ਸਤੀ ਪ੍ਰਥਾ, ਦਾਜ, ਅਨਪੜ੍ਹਤਾ ਅਤੇ ਅਨੇਕਾਂ ਅੜਚਣਾਂ ਦੇ ਬਾਵਜੂਦ ਔਰਤ ਨੇ ਆਪਣੀ ਹੋਂਦ ਨੂੰ ਸਮਾਜ ਵਿੱਚ ਸਾਰਥਕ ਤੌਰ ’ਤੇ ਬਰਕਰਾਰ ਰੱਖਿਆ ਹੈ। ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਸੱਭਿਅਤਾਵਾਂ ਹਮੇਸ਼ਾਂ ਔਰਤਾਂ ਦੇ ਸਿਰ ’ਤੇ ਜਿਊਂਦੀਆਂ ਹਨ। ਡਾ. ਲਖਵਿੰਦਰ ਜੌਹਲ ਅਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕੇਂਦਰੀ ਸਭਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਕਵਿੱਤਰੀ ਸੁਖਵਿੰਦਰ ਅੰਮ੍ਰਿਤ ਅਤੇ ਲੈਕਚਰਾਰ ਰਾਜਵਿੰਦਰ ਕੌਰ ਨੇ ਕਿਹਾ ਕਿ ਕਥਾ- ਕਹਾਣੀਆਂ ਵਿੱਚ ਔਰਤਾਂ ਦੇ ਕਿਰਦਾਰ ਨੂੰ ਜ਼ੁਲਮ ਸਹਿਣ ਵਾਲੀ ਦੀ ਬਜਾਇ ਪੜ੍ਹੀ ਲਿਖੀ ਸੂਝਵਾਨ ਨਾਰੀ ਦੇ ਕਿਰਦਾਰ ਵਿੱਚ ਉਭਾਰਨਾ ਚਾਹੀਦਾ ਹੈ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     