ਬਰਖਾਸਤ ਇੰਸਟਾ ਕਵੀਨ `ਤੇ ਭ੍ਰਿਸ਼ਟਾਚਾਰ ਦੇ ਦੋਸ਼ ਤੈਅ ਬਠਿੰਡਾ, 4 ਦਸੰਬਰ 2025 : ਪੰਜਾਬ ਪੁਲਸ ਦੀ ਬਰਖਾਸਤ ਕਾਂਸਟੇਬਲ ਅਤੇ ਇੰਸਟਾ ਕਵੀਨ ਅਮਨਦੀਪ ਕੌਰ ਜੋ ‘ਚਿੱਟਾ’ ਰੱਖਣ ਦੇ ਦੋਸ਼ ਵਿਚ ਗ੍ਰਿਫਤਾਰ ਹੋਣ ਤੋਂ ਬਾਅਦ ਸੁਰਖੀਆਂ ਵਿਚ ਆਈ ਸੀ ਵਿਰੁੱਧ ਇਕ ਅਦਾਲਤ ਨੇ ਭ੍ਰਿਸ਼ਟਾਚਾਰ ਕਾਨੂੰਨ ਤਹਿਤ ਦੋਸ਼ ਤੈਅ ਕੀਤੇ ਹਨ । ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਐਂਟੀ-ਨਾਰਕੋਟਿਕਸ ਟਾਸਕ ਫੋਰਸ ਨੇ ਉਸਨੂੰ 17 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਸੀ ਤੇ ਜਦੋਂ ਮਾਮਲਾ ਵਧਿਆ ਤਾਂ ਵਿਭਾਗ ਨੇ ਉਸ ਨੂੰ ਬਰਖਾਸਤ ਕਰ ਦਿੱਤਾ। ਅਗਲੀ ਸੁਣਵਾਈ ਹੋਵੇਗੀ 2026 ਵਿਚ ਇਸ ਦੌਰਾਨ ਵਿਜੀਲੈਂਸ ਵਿਭਾਗ ਨੇ ਉਸ ਦੀ ਜਾਇਦਾਦ ਦੀ ਜਾਂਚ ਸ਼ੁਰੂ ਕੀਤੀ। ਜਾਂਚ `ਚ ਖੁਲਾਸਾ ਹੋਇਆ ਕਿ ਉਸਨੇ ਆਪਣੀ ਪਹੁੰਚ ਤੋਂ ਵੱਧ ਦੌਲਤ ਇਕੱਠੀ ਕੀਤੀ ਸੀ, ਜਿਸ ਦੇ ਆਧਾਰ `ਤੇ ਵਿਜੀਲੈਂਸ ਵਿਭਾਗ ਨੇ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ । ਉਸ ਨੂੰ ਕੁਝ ਦਿਨ ਪਹਿਲਾਂ ਜ਼ਮਾਨਤ `ਤੇ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ ਸੀ। ਜੇਲ `ਚ ਰਹਿੰਦਿਆਂ ਵਿਜੀਲੈਂਸ ਵਿਭਾਗ ਨੇ ਆਪਣੀ ਜਾਂਚ ਰਿਪੋਰਟ ਦੇ ਆਧਾਰ `ਤੇ ਭ੍ਰਿਸ਼ਟਾਚਾਰ ਕਾਨੂੰਨ ਤਹਿਤ ਅਦਾਲਤ `ਚ ਚਾਰਜਸ਼ੀਟ ਦਾਇਰ ਕੀਤੀ ਸੀ । ਮੰਗਲਵਾਰ ਨੂੰ ਹੋਈ ਸੁਣਵਾਈ `ਚ ਅਦਾਲਤ ਨੇ ਉਸਦੇ ਖਿਲਾਫ ਦੋਸ਼ ਤੈਅ ਕੀਤੇ। ਅਗਲੀ ਸੁਣਵਾਈ ਜਨਵਰੀ 2026 `ਚ ਹੋਵੇਗੀ। ਸਿ਼ਕਾਇਤਕਰਤਾ ਔਰਤ ਨੇ ਅਮਨਦੀਪ ਕੌਰ ਤੇ ਲਗਾਇਆ ਦੋੋਸ਼ ਇਸ ਦੌਰਾਨ ਗੁਰਮੀਤ ਕੌਰ ਨਾਮ ਦੀ ਇਕ ਔਰਤ ਨੇ ਬਠਿੰਡਾ ਦੇ ਐੱਸ. ਐੱਸ. ਪੀ. ਕੋਲ ਸਿ਼ਕਾਇਤ ਦਰਜ ਕਰਵਾਈ ਹੈ, ਜਿਸ `ਚ ਦੋਸ਼ ਲਗਾਇਆ ਗਿਆ ਹੈ ਕਿ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਨੇ ਤਲਾਕ ਲਏ ਬਿਨਾਂ ਉਸਦੇ ਪਤੀ ਨਾਲ ਵਿਆਹ ਕਰਵਾ ਲਿਆ । ਸਿ਼ਕਾਇਤ `ਚ ਦੋਸ਼ ਲਗਾਇਆ ਗਿਆ ਹੈ ਕਿ ਦੋਵਾਂ ਨੇ ਵਿਆਹ ਕਰਵਾਉਣ ਲਈ ਝੂਠੇ ਦਸਤਾਵੇਜ਼ਾਂ ਦੀ ਵਰਤੋਂ ਕੀਤੀ । ਸਿ਼ਕਾਇਤ ਮਿਲਣ `ਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
