

ਸਿਹਤ ਵਿਗੜਨ ਕਾਰਨ ਵਿਕਰਮ ਕ੍ਰਿਕਟਰ ਦੀ ਹੋਈ ਮੌਤ ਨਵੀਂ ਦਿੱਲੀ, 5 ਜੂਨ 2025 : ਪੰਜਾਬ ਦੇ ਇੱਕ ਪ੍ਰਤਿਭਾਸ਼ਾਲੀ ਵ੍ਹੀਲਚੇਅਰ ਕ੍ਰਿਕਟਰ ਵਿਕਰਮ ਦੀ ਗਵਾਲੀਅਰ ਵਿਚ ਇਕ ਟੂਰਨਾਮੈਂਟ ਲਈ ਜਾਂਦੇ ਸਮੇਂ ਰੇਲਗੱਡੀ ਵਿੱਚ ਸਿਹਤ ਵਿਗੜਨ ਕਾਰਨ ਮੌਤ ਹੋ ਗਈ। ਉਹ ਛੱਤੀਸਗੜ੍ਹ ਐਕਸਪ੍ਰੈਸ ਰਾਹੀਂ ਲੁਧਿਆਣਾ ਤੋਂ ਗਵਾਲੀਅਰ ਜਾ ਰਿਹਾ ਸੀ। ਸਵੇਰੇ 4:41 ਵਜੇ, ਕੋਸੀਕਲਾ ਨੇੜੇ ਉਸ ਦੀ ਸਿਹਤ ਅਚਾਨਕ ਵਿਗੜ ਗਈ। ਮੁੱਢਲੀ ਸਹਾਇਤਾ ਲਈ ਟੀਮ ਨੂੰ ਬੁਲਾਇਆ ਗਿਆ ਜਦੋਂ ਤੱਕ ਟੀਮ ਪਹੁੰਚੀ, ਉਦੋ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸ਼ੱਕ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਜਾਣਕਾਰੀ ਅਨੁਸਾਰ ਵਿਕਰਮ ਅਤੇ ਉਸ ਦੀ ਟੀਮ ਦੇ 14 ਖਿਡਾਰੀ ਗਵਾਲੀਅਰ ਵਿੱਚ ਹੋਣ ਵਾਲੇ ਇੱਕ ਮੈਚ ਲਈ ਜਾ ਰਹੇ ਸਨ। ਯਾਤਰਾ ਦੌਰਾਨ, ਵਿਕਰਮ ਦੀ ਸਿਹਤ ਅਚਾਨਕ ਵਿਗੜ ਗਈ। ਉਸ ਦੇ ਸਾਥੀਆਂ ਨੇ ਤੁਰੰਤ ਇਸ ਬਾਰੇ ਰੇਲ ਸਟਾਫ਼ ਨੂੰ ਸੂਚਿਤ ਕੀਤਾ ਪਰ ਰੇਲਗੱਡੀ ਲਗਭਗ ਡੇਢ ਘੰਟੇ ਲਈ ਵਿਚਕਾਰ ਹੀ ਰੁਕੀ ਰਹੀ, ਜਿਸ ਕਾਰਨ ਸਮੇਂ ਸਿਰ ਇਲਾਜ ਨਹੀਂ ਹੋ ਸਕਿਆ।ਜਦੋਂ ਤੱਕ ਟ੍ਰੇਨ ਮਥੁਰਾ ਜੰਕਸ਼ਨ ਪਹੁੰਚੀ, ਬਹੁਤ ਦੇਰ ਹੋ ਚੁੱਕੀ ਸੀ ਅਤੇ ਵਿਕਰਮ ਦੀ ਮੌਤ ਹੋ ਚੁੱਕੀ ਸੀ। ਮਥੁਰਾ ਸਟੇਸ਼ਨ ਪਹੁੰਚਣ `ਤੇ, ਜੀਆਰਪੀ (ਰੇਲਵੇ ਪੁਲਿਸ) ਨੇ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਫਿਲਹਾਲ, ਜੀਆਰਪੀ ਨੇ ਪੋਸਟਮਾਰਟਮ ਤੋਂ ਬਾਅਦ ਮਾਮਲੇ ਵਿੱਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਕਰਮ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਬਾਕੀ ਟੀਮ ਗਵਾਲੀਅਰ ਲਈ ਰਵਾਨਾ ਹੋ ਗਈ ਹੈ।