
ਪੰਜਾਬ ਵਿੱਚ ਅਸ਼ਾਂਤੀ ਫ਼ੈਲਾਉਣ ਵਾਲੇ ਗੁੰਡਾ ਅਨਸਰਾਂ ਤੇ ਹੋਵੇ ਪੰਜਾਬ ਪੁਲੀਸ ਦਾ ਵੱਡਾ ਆਪ੍ਰੇਸ਼ਨ - ਅਮਨ ਗਰਗ ਸੂਲਰ
- by Jasbeer Singh
- April 6, 2024

ਪਟਿਆਲਾ, 6 ਅਪ੍ਰੈਲ (ਜਸਬੀਰ) : ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ ਦੇ ਪ੍ਰਮੁੱਖ ਅਮਨ ਗਰਗ ਸੂਲਰ ਨੇ ਆਪਣੇ ਆਹੁਦੇਦਾਰਾਂ ਨਾਲ ਇੱਕ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਅਮਨ ਗਰਗ ਸੂਲਰ ਨੇ ਕਿਹਾ ਕਿ ਪੰਜਾਬ ਵਿੱਚ ਗੈਰ ਸਮਾਜਿਕ ਗੁੰਡਾ ਤੱਤ ਬਿਨਾਂ ਕਿਸੇ ਡਰ ਭੈਅ ਤੋਂ ਹਰ ਰੋਜ਼ ਕਤਲ, ਫਿਰੌਤੀਆਂ, ਲੁੱਟਾ ਖੋਹਾਂ ਅਤੇ ਰੰਗਦਾਰੀਆ ਵਰਗੀਆ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੰਜਾਬ ਦੇ ਮਾਹੌਲ ਵਿੱਚ ਅਸ਼ਾਂਤੀ ਫੈਲਾ ਕੇ ਖ਼ਰਾਬ ਕਰਨ ਵਿੱਚ ਲਗੇ ਹੋਏ ਹਨ ਪਿਛਲੇ ਕੁਝ ਦਿਨਾਂ ਵਿੱਚ ਹੋਈਆਂ ਘਟਨਾਵਾਂ ਦਾ ਜ਼ਿਕਰ ਕਰਦਿਆ ਗਰਗ ਨੇ ਕਿਹਾ ਕਿ ਗੁੰਡਾ ਅਨਸਰਾਂ ਦੇ ਮਨਾਂ ਵਿੱਚ ਕਾਨੂੰਨ ਨਾਮ ਦਾ ਕੋਈ ਡਰ ਨਹੀ ਹੈ ਇਹ ਗੁੰਡੇ ਸ਼ਰੇਆਮ ਬਾਜ਼ਾਰਾਂ ਵਿੱਚ ਹਥਿਆਰਾਂ ਸਮੇਤ ਘੁੰਮਦੇ ਹਨ ਅਤੇ ਜਿਸ ਨੂੰ ਚਾਹੁਣ ਅਪਣਾ ਸ਼ਿਕਾਰ ਬਣਾ ਲੈਂਦੇ ਹਨ ਜੋ ਕਿ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ। ਗਰਗ ਸੂਲਰ ਨੇ ਕਿਹਾ ਕਿ ਅਜਿਹੇ ਹਾਲਾਤਾਂ ਨਾਲ ਨਿਪਟਣ ਲਈ ਉਸੇ ਓਪਰੇਸ਼ਨ ਤੇ ਮਾਪਦੰਡਾਂ ਦੀ ਜਰੂਰਤ ਹੈ ਜਿਸ ਨਾਲ ਪੰਜਾਬ ਵਿੱਚੋਂ ਅੱਤਵਾਦ ਖ਼ਤਮ ਕੀਤਾ ਗਿਆ ਸੀ ਕਿਉੰਕਿ ਮੌਜੂਦਾ ਸਥਿਤੀ ਅਨੁਸਾਰ ਇਹ ਗੁੰਡਾ ਤੱਤ ਕੰਟਰੋਲ ਵਿੱਚ ਨਹੀ ਆ ਰਹੇ ਇਨ੍ਹਾਂ ਤੇ ਲਗਾਮ ਪਾਉਣ ਲਈ ਪੰਜਾਬ ਸਰਕਾਰ ਨੂੰ ਪੁਲਸ ਦੇ ਹੱਥ ਬਿਲਕੁਲ ਖੋਲ ਦੇਣੇ ਚਾਹੀਦੇ ਹਨ ਕਿਉੰਕਿ ਇਹ ਉਹੀ ਪੁਲਸ ਹੈ ਜਿਸਨੇ ਅੱਤਵਾਦ ਨੂੰ ਸੌ ਡਿਗਰੀ ਤੋਂ ਲਿਆ ਕੇ ਜ਼ੀਰੋ ਡਿਗਰੀ ਤੇ ਖਤਮ ਕਰ ਦਿੱਤਾ ਸੀ ਇਸੀ ਤਰ੍ਹਾਂ ਅੱਜ ਦੇ ਸਮੇਂ ਦੀ ਹਾਇਟੈਕ ਇੰਟੈਲੀਜੈਂਸ ਤੇ ਹਾਇਟੈਕ ਹਥਿਆਰਾਂ ਨਾਲ ਲੈਸ ਪੰਜਾਬ ਪੁਲਸ ਇੰਨ ਸਮਾਜ ਵਿਰੋਧੀ ਅਨਸਰਾਂ ਨੂੰ ਮਿੱਟੀ ਵਿੱਚ ਮਿਲਾਉਣ ਦੇ ਬਿਲਕੁਲ ਸਮਰੱਥ ਹੈ। ਜਰੂਰਤ ਸਿਰਫ਼ ਪੁਲਸ ਨੂੰ ਖੁਲ੍ਹੀ ਛੁੱਟੀ ਦੇਣ ਤੇ ਇਨ੍ਹਾਂ ਦੇ ਬਜ਼ਟ ਵਿੱਚ ਵਾਧਾ ਕਰਨ ਦੀ ਹੈ। ਗਰਗ ਸੂਲਰ ਨੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਲੋਕਾਂ ਦੀ ਸੁਰੱਖਿਆ ਨੂੰ ਤਰਜ਼ੀਹ ਦੇਣਾ ਸਰਕਾਰ ਦਾ ਸਭ ਤੋਂ ਪਹਿਲਾ ਫ਼ਰਜ਼ ਹੈ ਇਸ ਲਈ ਬਿਨਾਂ ਕਿਸੇ ਦੇਰੀ ਸਪੈਸ਼ਲ ਆਪ੍ਰੇਸ਼ਨ ਚਲਵਾ ਕੇ ਸੂਬੇ ਦੀ ਹੱਦ ਵਿੱਚ ਘੁੰਮ ਰਹੇ ਸਾਰੇ ਗੁੰਡਾ ਅਨਸਰਾਂ ਨੂੰ ਢੇਰ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਪੰਜਾਬ ਦੇ ਲੋਕ ਜਾਨੀ ਤੇ ਮਾਲੀ ਤੌਰ ਤੇ ਹਿਫ਼ਾਜਤ ਮਹਿਸੂਸ ਕਰ ਸਕਣ। ਇਸ ਮੌਕੇ ਪੰਜਾਬ ਪ੍ਰਧਾਨ ਰਾਜ ਕੁਮਾਰ ਜਿੰਦਲ, ਜਨਰਲ ਸਕੱਤਰ ਨਾਨਕ ਸਿੰਘ ਖੁਰਮੀ, ਚੇਅਰਪਰਸਨ ਮਹਿਲਾ ਵਿੰਗ ਮਿਸ ਸੀਮਾ ਭਾਰਗਵ ਤੇ ਜਿਲ੍ਹਾ ਪ੍ਰਧਾਨ ਸੋਮ ਨਾਥ ਤੇ ਹੋਰ ਸਖਸ਼ੀਅਤਾਂ ਮੌਜੂਦ ਸਨ।