post

Jasbeer Singh

(Chief Editor)

Punjab

ਡੱਲੇਵਾਲ ਦਾ ਮਰਨ ਵਰਤ 18ਵੇਂ ਦਿਨ ਵੀ ਜਾਰੀ ਹੈ ਤੇ ਹਾਲਤ ਵੀ ਗੰਭੀਰ ਹੋਣ ਲੱਗੀ ਹੈ

post-img

ਡੱਲੇਵਾਲ ਦਾ ਮਰਨ ਵਰਤ 18ਵੇਂ ਦਿਨ ਵੀ ਜਾਰੀ ਹੈ ਤੇ ਹਾਲਤ ਵੀ ਗੰਭੀਰ ਹੋਣ ਲੱਗੀ ਹੈ ਸੰਗਰੂਰ : ਪੰਜਾਬ-ਹਰਿਆਣਾ ਦੇ ਖਨੌਰੀ ਬਾਰਡਰ `ਤੇ ਮਰਨ ਵਰਤ `ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਹਾਲਤ ਗੰਭੀਰ ਹੋਣ ਲੱਗੀ ਹੈ । ਉਨ੍ਹਾਂ ਦੀ ਕਿਡਨੀ ਫ਼ੇਲ ਹੋਣ ਦਾ ਖ਼ਤਰਾ ਹੈ । ਡੱਲੇਵਾਲ ਦਾ ਮਰਨ ਵਰਤ ਖੁੱਲ੍ਹਵਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ । ਐਡਵੋਕੇਟ ਵਾਸੂ ਰੰਜਨ ਸ਼ਾਂਡਿਲਿਆ ਨੇ ਪਟੀਸ਼ਨ `ਚ ਕਿਹਾ ਹੈ ਕਿ ਡੱਲੇਵਾਲ ਦੀ ਹਾਲਤ ਨਾਜ਼ੁਕ ਹੈ । ਇਸ ਪਟੀਸ਼ਨ ਦੀ ਅੱਜ ਸੁਣਵਾਈ ਹੋ ਸਕਦੀ ਹੈ । ਦੱਸਣਯੋਗ ਹੈ ਕਿ ਸ਼ੁਕਰਵਾਰ ਡੱਲੇਵਾਲ ਦੇ ਮਰਨ ਵਰਤ ਦਾ 18ਵਾਂ ਦਿਨ ਹੈ । ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ । ਡੱਲੇਵਾਲ ਕੈਂਸਰ ਦੇ ਵੀ ਮਰੀਜ਼ ਹਨ । ਵੀਰਵਾਰ ਨੂੰ ਅਮਰੀਕਾ ਤੋਂ ਆਏ ਕੈਂਸਰ ਮਾਹਿਰਾਂ ਤੇ ਸਰਕਾਰੀ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਜਾਂਚ ਕੀਤੀ। ਡਾਕਟਰਾਂ ਨੇ ਕਿਹਾ ਹੈ ਕਿ ਡੱਲੇਵਾਲ ਦੀ ਹਾਲਤ ਨਾਜ਼ੁਕ ਹੈ । ਉਨ੍ਹਾਂ ਦਾ ਵਜ਼ਨ ਕਰੀਬ 12 ਕਿਲੋ ਘਟ ਗਿਆ ਹੈ । ਕਿਡਨੀ ਦੇ ਨੁਕਸਾਨ ਦਾ ਖ਼ਤਰਾ ਹੈ । ਇਸ ਤੋਂ ਇਲਾਵਾ ਲੀਵਰ ਦੀ ਵੀ ਸਮੱਸਿਆ ਵੀ ਹੋ ਸਕਦੀ ਹੈ, ਇਸ ਦੇ ਨਾਲ ਹੀ ਡੱਲੇਵਾਲ ਦੇ ਮਰਨ ਵਰਤ ਦੇ ਬਾਵਜੂਦ ਕੇਂਦਰ ਸਰਕਾਰ ਵਲੋਂ ਕੋਈ ਗੱਲ ਨਾ ਕੀਤੇ ਜਾਣ ਕਾਰਨ ਹੁਣ ਸਾਂਝਾ ਕਿਸਾਨ ਮੋਰਚਾ (ਐਸ. ਕੇ. ਐਮ.) ਵੀ ਸਰਗਰਮ ਹੋ ਗਿਆ ਹੈ । ਐਸਕੇਐਮ ਆਗੂ ਰਾਕੇਸ਼ ਟਿਕੈਤ ਤੇ ਹਰਿੰਦਰ ਲੱਖੋਵਾਲ ਅੱਜ ਸ਼ੁਕਰਵਾਰ ਨੂੰ ਡੱਲੇਵਾਲ ਦਾ ਪਤਾ ਲੈਣ ਲਈ ਖਨੌਰੀ ਬਾਰਡਰ ਪਹੁੰਚਣਗੇ । ਇਸ ਦੌਰਾਨ ਤੀਜੀ ਵਾਰ ਕਿਸਾਨਾਂ ਦੇ ਦਿੱਲੀ ਮਾਰਚ ਨੂੰ ਲੈ ਕੇ ਵੱਡੀ ਰਣਨੀਤੀ ਬਣਾਈ ਜਾ ਸਕਦੀ ਹੈ । ਦੱਸ ਦਈਏ ਕਿ ਅੱਜ (13 ਦਸੰਬਰ) ਨੂੰ ਸ਼ੰਭੂ ਤੇ ਖਨੌਰੀ ਸਰਹੱਦ `ਤੇ ਕਿਸਾਨਾਂ ਦੇ ਅੰਦੋਲਨ ਨੂੰ 10 ਮਹੀਨੇ ਹੋ ਗਏ ਹਨ । ਇਸ ਸਬੰਧੀ ਕਿਸਾਨ ਖਨੌਰੀ ਬਾਰਡਰ `ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੇ ਪੁਤਲੇ ਫੂਕਣਗੇ । ਉਧਰ, ਅੰਬਾਲਾ ਦੇ ਡੀ. ਸੀ. ਨੇ ਸੰਗਰੂਰ ਦੇ ਡੀ. ਸੀ ਨੂੰ ਪੱਤਰ ਲਿਖ ਕੇ ਡੱਲੇਵਾਲ ਦੇ ਮਰਨ ਵਰਤ ਕਾਰਨ ਅੰਬਾਲਾ ਵਿਚ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਦਾ ਖ਼ਦਸ਼ਾ ਪ੍ਰਗਟਾਇਆ । ਅੰਬਾਲਾ ਦੇ ਡੀ. ਸੀ. ਨੇ ਡੱਲੇਵਾਲ ਨੂੰ ਮੈਡੀਕਲ ਸਹੂਲਤਾਂ ਦੇਣ ਲਈ ਕਿਹਾ ਹੈ । ਉਨ੍ਹਾਂ ਕਿਹਾ ਕਿ ਜਗਜੀਤ ਡੱਲੇਵਾਲ ਦਾ ਭਾਰ ਘੱਟ ਗਿਆ ਹੈ । ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਪ੍ਰੈੱਸ ਕਾਨਫ਼ਰੰਸ ਤੇ ਹੋਰ ਮਾਧਿਅਮਾਂ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਦਿੱਲੀ ਕੂਚ ਕਰਨ ਤੇ ਡੱਲੇਵਾਲ ਦੀ ਸਿਹਤਯਾਬੀ ਲਈ ਅਰਦਾਸ ਕਰਨ ਦੀ ਅਪੀਲ ਕੀਤੀ ਹੈ । ਇਸ ਦੇ ਮੱਦੇਨਜ਼ਰ ਡੱਲੇਵਾਲ ਨੂੰ ਢੁੱਕਵੀਂ ਮੈਡੀਕਲ ਸਹੂਲਤ ਮੁਹਈਆ ਕਰਵਾਉਣ ਤੇ ਲੋੜੀਂਦੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ਤਾਂ ਜੋ ਸ਼ੰਭੂ ਬਾਰਡਰ `ਤੇ ਚੱਲ ਰਹੀ ਆਵਾਜਾਈ `ਤੇ ਕੋਈ ਮਾੜਾ ਅਸਰ ਨਾ ਪਵੇ ਤੇ ਅੰਬਾਲਾ `ਚ ਅਮਨ-ਕਾਨੂੰਨ ਦੀ ਸਥਿਤੀ ਬਣੀ ਰਹੇ ।

Related Post