post

Jasbeer Singh

(Chief Editor)

Patiala News

ਡੀ. ਸੀ. ਅਤੇ ਐਸ. ਐਸ. ਪੀ. ਵਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਹੌਟਸਪੌਟ ਪਿੰਡਾਂ ਦਾ ਦੌਰਾ

post-img

ਡੀ. ਸੀ. ਅਤੇ ਐਸ. ਐਸ. ਪੀ. ਵਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਹੌਟਸਪੌਟ ਪਿੰਡਾਂ ਦਾ ਦੌਰਾ -ਕਿਸਾਨ ਆਪਣੇ ਪਿੰਡਾਂ ਸਮੇਤ ਨੇੜਲੇ ਪਿੰਡਾਂ ਨੂੰ ਵੀ "ਪਰਾਲੀ ਨਾ ਸਾੜਨ ਵਾਲੇ ਪਿੰਡ" ਬਣਾਉਣ  ਲਈ ਅੱਗੇ ਆਉਣ : ਡਾ. ਪ੍ਰੀਤੀ ਯਾਦਵ ਭਾਦਸੋਂ/ਨਾਭਾ, 19 ਸਤੰਬਰ 2025 : ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਅਤੇ ਸੀਨੀਅਰ ਪੁਲਿਸ ਸੁਪਰਡੈਂਟ ਵਰੁਣ ਸ਼ਰਮਾ ਨੇ ਅੱਜ ਪਰਾਲੀ ਸਾੜਨ ਵਿਰੁੱਧ ਯਤਨ ਤੇਜ਼ ਕਰਨ ਲਈ ਹੌਟਸਪੌਟ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਦਿੱਤੂਪੁਰ ਜੱਟਾਂ ਅਤੇ ਦੰਦਰਾਲਾ ਖਰੌੜ ਦੇ ਕਿਸਾਨਾਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕਰਦਿਆਂ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਵਾਤਾਵਰਣ ਪੱਖੀ ਤਰੀਕੇ ਅਪਣਾਉਣ ‘ਤੇ ਜ਼ੋਰ ਦਿੱਤਾ । ਦਿੱਤੂਪੁਰ ਜੱਟਾਂ ਵਿੱਚ ਅਗਾਂਹਵਧੂ ਕਿਸਾਨ ਨਰਿੰਦਰ ਸਿੰਘ ਦੇ ਖੇਤਾਂ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ, ਡਾ. ਯਾਦਵ ਨੇ ਅਪੀਲ ਕੀਤੀ ਕਿ ਉਹ ਨਾ ਸਿਰਫ਼ ਆਪਣੇ ਪਿੰਡ ਨੂੰ ਪਰਾਲੀ ਸਾੜਨ ਤੋਂ ਮੁਕਤ ਬਣਾਉਣ ਲਈ ਯਤਨ ਕਰਨ, ਸਗੋਂ ਪੰਜ ਗੁਆਂਢੀ ਪਿੰਡਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਾਤਾਵਰਨ ਪੱਖੀ ਪਰਾਲੀ ਪ੍ਰਬੰਧਨ ਜਿੱਥੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਨ ਲਈ ਸਹਾਈ ਸਿੱਧ ਹੋਵੇਗਾ ਉੱਥੇ ਹੀ ਅਗਲੀ ਫ਼ਸਲ ਦੀ ਪੈਦਾਵਾਰ ਵਧਾਕੇ ਵਾਤਾਵਰਣ ਦੀ ਰੱਖਿਆ ਵੀ ਕਰਦਾ ਹੈ । ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਸੁਪਰ ਸੀਡਰ, ਹੈਪੀ ਸੀਡਰ, ਮਲਚਰ, ਬੇਲਰ ਅਤੇ ਆਧੁਨਿਕ ਖੇਤੀ ਮਸ਼ੀਨਰੀ ਕਿਸਾਨਾਂ ਤੱਕ ਪਹੁੰਚਾਉਣ ਦੀ ਸਹੂਲਤ ਦੇ ਰਿਹਾ ਹੈ। ਕਿਸਾਨਾਂ ਦਾ ਮਾਰਗਦਰਸ਼ਨ ਕਰਨ ਅਤੇ ਪਰਾਲੀ ਪ੍ਰਬੰਧਨ ਲਈ ਜ਼ਰੂਰੀ ਮਸ਼ੀਨਰੀ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਇੱਕ ਸਮਰਪਿਤ ਕਾਲ ਸੈਂਟਰ ਵੀ ਸਥਾਪਤ ਕੀਤਾ ਗਿਆ ਹੈ। ਐਸ. ਐਸ. ਪੀ. ਵਰੁਣ ਸ਼ਰਮਾ ਨੇ ਕਿਹਾ ਕਿ ਪੁਲਿਸ ਵਿਭਾਗ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਵਿੱਚ ਪ੍ਰਸ਼ਾਸਨ ਦਾ ਪੂਰਾ ਸਮਰਥਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤਹਿਤ ਖੇਤਾਂ ਵਿੱਚ ਅੱਗ ਲਗਾਉਣ ਦੀ ਸਖ਼ਤ ਮਨਾਹੀ ਹੈ, ਜਿਸ ਲਈ ਜਨਤਕ ਸਿਹਤ ਅਤੇ ਵਾਤਾਵਰਣ ਦੀ ਰੱਖਿਆ ਲਈ ਕਿਸਾਨ ਪੂਰਾ ਸਹਿਯੋਗ ਦੇਣ। ਇਸ ਦੌਰੇ ਦੌਰਾਨ, ਡਿਪਟੀ ਕਮਿਸ਼ਨਰ ਨੇ ਖੇੜੀ ਜੱਟਾਂ ਵਿੱਚ ਕਿਸਾਨ ਜਸਵੀਰ ਸਿੰਘ ਦੇ ਖੇਤਾਂ ਵਿੱਚ ਬੇਲਰ ਨਾਲ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨੇ ਕਿਸਾਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨ ਵਾਤਾਵਰਣ-ਅਨੁਕੂਲ ਅਭਿਆਸ ਅਪਣਾਉਣ ਲਈ ਵਾਤਾਵਰਣ ਵਿਗਿਆਨ ਵਿੱਚ ਪੀਐਚ.ਡੀ ਆਪਣੀ ਬੇਟੀ ਤੋਂ ਪ੍ਰੇਰਿਤ ਹੋਕੇ ਹੋਰ ਕਿਸਾਨਾਂ ਨੂੰ ਵੀ ਕੁਦਰਤੀ ਸਰੋਤਾਂ ਦੀ ਰੱਖਿਆ ਲਈ ਉਤਸ਼ਾਹਿਤ ਕਰ ਰਿਹਾ ਹੈ। ਇਸ ਮੌਕੇ ਐਸ. ਡੀ. ਐਮ. ਨਾਭਾ ਡਾ. ਇਸਮਤ ਵਿਜੇ ਸਿੰਘ, ਡੀ. ਐਸ. ਪੀ. ਮਨਦੀਪ ਕੌਰ, ਖੇਤੀਬਾੜੀ ਅਫ਼ਸਰ ਨਾਭਾ ਜੁਪਿੰਦਰ ਸਿੰਘ ਗਿੱਲ, ਵਾਤਾਵਰਣ ਇੰਜੀਨੀਅਰ ਕੰਵਲਦੀਪ ਕੌਰ ਸਮੇਤ ਪੇਂਡੂ ਵਿਕਾਸ ਅਤੇ ਪੰਚਾਇਤ, ਮਾਲ ਵਿਭਾਗ ਸਮੇਤ ਸਹਿਕਾਰੀ ਵਿਕਾਸ ਵਿਭਾਗ ਦੇ ਅਧਿਕਾਰੀ ਮੌਜੂਦ ਸਨ ।

Related Post

Instagram