

ਡਿਪਟੀ ਕਮਿਸ਼ਨਰ ਵੱਲੋਂ ਆਰ. ਟੀ. ਏ. ਦਫ਼ਤਰ ਦੀ ਅਚਨਚੇਤ ਚੈਕਿੰਗ -ਲੋਕਾਂ ਨੂੰ ਸਾਰੀਆਂ ਸੇਵਾਵਾਂ ਸਮੇਂ ਸਿਰ ਮੁਹੱਈਆ ਕਰਵਾਈਆਂ ਜਾਣ : ਡਾ. ਪ੍ਰੀਤੀ ਯਾਦਵ ਪਟਿਆਲਾ, 5 ਮਾਰਚ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਲਾਕ ਡੀ 'ਚ ਸਥਿਤ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ ਪਟਿਆਲਾ ਦੇ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ । ਇਸ ਦੌਰਾਨ ਉਨ੍ਹਾਂ ਆਰ. ਟੀ. ਏ. ਦਫ਼ਤਰ ਵਿਖੇ ਆਪਣੇ ਕੰਮਾਂ-ਕਾਰਾਂ ਲਈ ਪੁੱਜੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਇਸ ਦਫ਼ਤਰ ਵਿਖੇ ਪ੍ਰਦਾਨ ਕੀਤੀਆਂ ਜਾਂਦੀਆਂ ਵੱਖ ਵੱਖ ਸੇਵਾਵਾਂ ਬਾਬਤ ਫੀਡਬੈਕ ਵੀ ਹਾਸਲ ਕੀਤੀ । ਡਿਪਟੀ ਕਮਿਸ਼ਨਰ ਨੇ ਦਫ਼ਤਰੀ ਅਮਲੇ ਨੂੰ ਹਦਾਇਤ ਕੀਤੀ ਕਿ ਲੋਕਾਂ ਦੇ ਕੰਮ ਪਹਿਲ ਦੇ ਅਧਾਰ 'ਤੇ ਕੀਤੇ ਜਾਣ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਖੱਜਲਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਸਟਾਫ਼ ਨੂੰ ਦਫ਼ਤਰੀ ਸਮੇਂ ਮੁਤਾਬਕ ਆਪਣੀ ਸੀਟ ਦਾ ਕੰਮ ਸ਼ੁਰੂ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਨੂੰ ਪਾਰਦਰਸ਼ੀ ਤੇ ਸਮਾਂ ਬੱਧ ਸੇਵਾਵਾਂ ਮੁਹੱਈਆ ਕਰਵਾਉਣ ਸਾਡੀ ਜ਼ਿੰਮੇਵਾਰੀ ਹੈ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਜੇਕਰ ਲੋਕਾਂ ਵੱਲੋਂ ਕੋਈ ਸ਼ਿਕਾਇਤ ਪ੍ਰਾਪਤ ਹੋਈ ਤਾਂ ਸਬੰਧਤ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਟਾਫ਼ ਨੂੰ ਹਦਾਇਤ ਕੀਤੀ ਕਿ ਜੇਕਰ ਕੋਈ ਕਰਮਚਾਰੀ ਛੁੱਟੀ 'ਤੇ ਹੈ ਜਾਂ ਫੀਲਡ ਜਾਂ ਕਿਸੇ ਅਦਾਲਤ ਵਿੱਚ ਗਿਆ ਹੈ ਤਾਂ ਉਸ ਦਾ ਕੰਮ ਦਫ਼ਤਰ ਵਿੱਚ ਹਾਜ਼ਰ ਦੂਸਰੇ ਕਰਮਚਾਰੀ ਨੂੰ ਸੌਂਪਿਆਂ ਜਾਵੇ ਤਾਂ ਜੋ ਕੰਮ ਕਰਵਾਉਣ ਆਏ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ । ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਇਕ ਅਹਿਮ ਵਿਭਾਗ ਹੈ, ਜਿਸ ਵਿੱਚ ਆਮ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਸਿੱਧੇ ਤੌਰ 'ਤੇ ਆਰ. ਟੀ. ਏ. ਦਫ਼ਤਰ ਆਉਣਾ ਪੈਂਦਾ ਹੈ, ਇਸ ਲਈ ਡਿਊਟੀ 'ਤੇ ਤਾਇਨਾਤ ਸਟਾਫ਼ ਲੋਕਾਂ ਨਾਲ ਨਰਮਾਈ ਵਾਲਾ ਵਤੀਰਾ ਅਪਣਾਉਂਦੇ ਹੋਏ, ਲੋਕਾਂ ਦੇ ਕੰਮ ਕਰਨ ਨੂੰ ਪਹਿਲ ਦੇਵੇ ।