
ਡਿਪਟੀ ਕਮਿਸ਼ਨਰ ਵੱਲੋਂ ਨਹਿਰੀ ਪਾਣੀ ਪਾਇਪਲਾਈਨ ਦਾ ਕੰਮ ਛੇਤੀ ਮੁਕੰਮਲ ਕਰਨ ਦੀ ਹਦਾਇਤ
- by Jasbeer Singh
- July 16, 2025

ਡਿਪਟੀ ਕਮਿਸ਼ਨਰ ਵੱਲੋਂ ਨਹਿਰੀ ਪਾਣੀ ਪਾਇਪਲਾਈਨ ਦਾ ਕੰਮ ਛੇਤੀ ਮੁਕੰਮਲ ਕਰਨ ਦੀ ਹਦਾਇਤ ਪਟਿਆਲਾ, 16 ਜੁਲਾਈ 2025 : ਪਟਿਆਲਾ ਸ਼ਹਿਰ `ਚ 247 ਨਹਿਰੀ ਪਾਣੀ ਦੀ ਸਪਲਾਈ ਲਈ ਪਾਇਪਲਾਈਨ ਪਾਉਣ ਦੇ ਚੱਲ ਰਹੇ ਕੰਮ ਦੌਰਾਨ ਜੇਲ ਰੋਡ `ਤੇ ਤ੍ਰਿਪੜੀ ਟੀ ਪੁਆਇੰਟ ਤੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਅੱਗਿਉਂ ਹੁੰਦੇ ਹੋਏ ਵਾਇਆ ਖੰਡਾ ਚੌਂਕ 18 ਨੰਬਰ ਫਾਟਕ ਫਲਾਈਓਵਰ (ਪੁਰਾਣਾ ਬੱਸ ਸਟੈਂਡ) ਤੋਂ ਪਹਿਲਾਂ ਹੋਟਲਾਂ ਵਾਲੇ ਚੌਂਕ ਤੱਕ ਅਤੇ ਐਫ. ਸੀ. ਆਈ. ਗੁਦਾਮਾਂ ਤੋਂ ਸਰਕਾਰੀ ਪ੍ਰੈਸ ਤੋਂ ਹੁੰਦੇ ਹੋਏ ਦੁਖ ਨਿਵਾਰਨ ਸਾਹਿਬ ਰੋਡ `ਤੇ ਸੜਕਾਂ ਦੀਆਂ ਬਰਮ੍ਹਾਂ ਪੁੱਟੀਆਂ ਗਈਆਂ ਹਨ, ਇਸ ਲਈ ਲੋਕ ਕੁਝ ਦਿਨ ਸਹਿਯੋਗ ਕਰਨ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਦਿਨ-ਰਾਤ ਕਰਕੇ ਸਾਰੇ ਕੰਮ ਜਲਦੀ ਮੁਕੰਮਲ ਕੀਤੇ ਜਾਣ। ਵਾਹਨ ਚਾਲਕਾਂ ਅਤੇ ਸ਼ਰਧਾਲੂਆਂ ਨੂੰ ਕੋਈ ਮੁਸ਼ਕਿਲ ਨਾ ਆਵੇ ਦੇ ਚਲਦਿਆਂ ਕੀਤੇ ਜਾਣ ਪ੍ਰਬੰਧ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਟ੍ਰੈਫਿਕ ਪੁਲਿਸ, ਲੋਕ ਨਿਰਮਾਣ ਵਿਭਾਗ, ਨਗਰ ਨਿਗਮ ਤੇ ਐਲ ਐਂਡ ਟੀ ਕੰਪਨੀ ਅਤੇ ਜਲ ਸਪਲਾਈ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਜੇਲ ਰੋਡ, ਸਰਹਿੰਦ ਰੋਡ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੇੜੇ ਟ੍ਰੈਫਿਕ ਦੀ ਆਵਾਜਾਈ ਬਹੁਤ ਜਿਆਦਾ ਹੈ ਅਤੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ਸ਼ਰਧਾਲੂ 24 ਘੰਟੇ ਆਉਂਦੇ ਰਹਿੰਦੇ ਹਨ, ਇਸ ਲਈ ਅਜਿਹੇ ਪ੍ਰਬੰਧ ਕੀਤੇ ਜਾਣ ਤਾਂ ਕਿ ਵਾਹਨ ਚਾਲਕਾਂ ਅਤੇ ਸ਼ਰਧਾਲੂਆਂ ਨੂੰ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। ਪਾਇਪਲਾਈਨ ਪਾਉਣ ਤੋਂ ਬਾਅਦ ਸੜਕ ਨੂੰ ਤੁਰੰਤ ਚੱਲਣਯੋਗ ਬਣਾਇਆ ਜਾਵੇ ਡੀ. ਸੀ. ਯਾਦਵ ਨੇ ਕਿਹਾ ਕਿ 24 ਘੰਟੇ ਨਹਿਰੀ ਪਾਣੀ ਦੀ ਪਾਇਪਲਾਈਨ ਪਾਉਣ ਲਈ ਪੁੱਟੀ ਜਾਣ ਵਾਲੀ ਸੜਕ ਕਰਕੇ ਆਵਾਜਾਈ ਪ੍ਰਭਾਵਤ ਹੋਣ ਤੋਂ ਬਚਾਅ ਲਈ ਉਚੇਚੇ ਪ੍ਰਬੰਧ ਕੀਤੇ ਜਾਣੇ ਯਕੀਨੀ ਬਣਾਏ ਜਾਣ ਦੀ ਵੀ ਹਦਾਇਤ ਕੀਤੀ ਗਈ ਹੈ ਤਾਂ ਕਿ ਸੜਕ ਪੁੱਟਣ ਤੋਂ ਬਾਅਦ ਪਾਇਪਲਾਈਨ ਪਾਉਣ ਦੇ ਬਾਅਦ ਸੜਕ ਨੂੰ ਤੁਰੰਤ ਚੱਲਣਯੋਗ ਬਣਾਇਆ ਜਾਵੇ ਤਾਂ ਕਿ ਆਵਾਜਾਈ ਪ੍ਰਭਾਵਤ ਨਾ ਹੋਵੇ। ਸ਼ਹਿਰ ਵਿੱਚ ਕੀਤਾ ਜਾ ਰਿਹੈ ਪਾਈਪਲਾਈਨ ਪਾਏ ਜਾਣ ਦਾ ਕੰਮ ਬਹੁਤ ਤੇਜੀ ਨਾਲ ਮੁਕੰਮਲ ਇਸ ਕੰਮ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਵਿਕਾਸ ਧਵਨ ਨੇ ਦੱਸਿਆ ਕਿ ਸ਼ਹਿਰ ਵਿੱਚ ਪਾਈਪਲਾਈਨ ਪਾਏ ਜਾਣ ਦਾ ਕੰਮ ਬਹੁਤ ਤੇਜੀ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ ਅਤੇ ਸੜਕਾਂ ਪੁੱਟੀਆਂ ਹੋਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਲਈ ਉਹ ਲੋਕਾਂ ਦੀ ਪ੍ਰੇਸ਼ਾਨੀ ਸਮਝ ਰਹੇ ਹਨ ਪ੍ਰੰਤੂ ਪਾਣੀ ਦੀ ਪਾਈਪਲਾਈਨ ਪਾਉਣ ਲਈ ਪੁੱਟੀਆਂ ਸੜਕਾਂ ਨੂੰ ਨਾਲੋ-ਨਾਲ ਠੀਕ ਵੀ ਕੀਤਾ ਜਾ ਰਿਹਾ ਹੈ।