post

Jasbeer Singh

(Chief Editor)

Punjab

ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਸੰਭਾਲਣ ਵਿੱਚ ਮੋਹਰੀ ਬਣਨ ਦਾ ਸੱਦਾ

post-img

ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਸੰਭਾਲਣ ਵਿੱਚ ਮੋਹਰੀ ਬਣਨ ਦਾ ਸੱਦਾ ਐਸ. ਐਸ. ਪੀ ਅਤੇ ਏ. ਡੀ. ਸੀ ਸਮੇਤ ਹੋਰ ਅਧਿਕਾਰੀਆਂ ਨਾਲ ਪਿੰਡ ਲੌਂਗੋਵਾਲ, ਸ਼ੇਰੋ ਅਤੇ ਛਾਜਲੀ ਵਿਖੇ ਕਿਸਾਨਾਂ ਨੂੰ ਪਰਾਲੀ ਸੰਭਾਲਣ ਲਈ ਪ੍ਰੇਰਿਆ ਸੜਕਾਂ ਕਿਨਾਰੇ ਖੜੇ ਰੁੱਖਾਂ, ਰਾਹਗੀਰਾਂ, ਬੱਚਿਆਂ ਤੇ ਬਜ਼ੁਰਗਾਂ ਦੀ ਜਾਨ ਨੂੰ ਜੋਖਮ ਵਿੱਚ ਨਾ ਪਾਉਣ ਕਿਸਾਨ: ਸੰਦੀਪ ਰਿਸ਼ੀ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ 49 ਕੇਸ ਦਰਜ, ਮਾਲ ਰਿਕਾਰਡ ਵਿੱਚ ਲਾਲ ਇੰਦਰਾਜ਼ ਵੀ ਦਰਜ ਲੌਂਗੋਵਾਲ /ਸ਼ੇਰੋ / ਛਾਜਲੀ, 1 ਨਵੰਬਰ : ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਵਿੱਚ ਸੂਬੇ ਵਿੱਚੋਂ ਮੋਹਰੀ ਬਣਨ ਦਾ ਸੱਦਾ ਦਿੱਤਾ ਹੈ। ਡਿਪਟੀ ਕਮਿਸ਼ਨਰ ਨੇ ਪਿੰਡ ਲੌਂਗੋਵਾਲ, ਸ਼ੇਰੋ ਅਤੇ ਛਾਜਲੀ ਵਿਖੇ ਭਰਵੀਂਆਂ ਕਿਸਾਨ ਇੱਕਤਰਤਾਵਾਂ ਦੌਰਾਨ ਕਿਸਾਨਾਂ ਨੂੰ ਕਿਹਾ ਕਿ ਜਿਵੇਂ ਜ਼ਿਲ੍ਹਾ ਸੰਗਰੂਰ, ਫਸਲਾਂ ਦੀ ਪੈਦਾਵਾਰ ਵਿੱਚ ਪੰਜਾਬ ਭਰ ਵਿੱਚੋਂ ਵੱਧ ਉਤਪਾਦਨ ਨਾਲ ਮੋਹਰੀ ਸਾਬਤ ਹੁੰਦਾ ਹੈ, ਠੀਕ ਉਸੇ ਤਰ੍ਹਾਂ ਵਾਤਾਵਰਣ ਨੂੰ ਸੰਭਾਲਣ ਦੀ ਮੁਹਿੰਮ ਦੇ ਸਿੱਟਿਆਂ ਵੱਜੋਂ ਜਿਲ੍ਹਾ ਸੰਗਰੂਰ ਦੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਵਿੱਚ ਵੀ ਮੋਹਰੀ ਬਣਨਾ ਚਾਹੀਦਾ ਹੈ । ਐਸ. ਐਸ. ਪੀ. ਸਰਤਾਜ ਸਿੰਘ ਚਾਹਲ, ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਸਮੇਤ ਇਹਨਾਂ ਪਿੰਡਾਂ ਵਿੱਚ ਅਗਾਹਵਧੂ ਕਿਸਾਨਾਂ ਤੋਂ ਹੋਰਨਾਂ ਕਿਸਾਨਾਂ ਨੂੰ ਵੀ ਸੇਧ ਲੈਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਇਹ ਪਿੰਡ ਪਰਾਲੀ ਨੂੰ ਸਾੜਨ ਦੀਆਂ ਸਭ ਤੋਂ ਵੱਧ ਘਟਨਾਵਾਂ ਦੀ ਸੂਚੀ ਵਿੱਚ ਸ਼ਾਮਿਲ ਸਨ ਪਰ ਇਸ ਵਾਰ ਕਿਸਾਨਾਂ ਨੂੰ ਮਨੁੱਖਤਾ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਵਿੱਚ ਸੁਹਿਰਦ ਯੋਗਦਾਨ ਦਿੰਦੇ ਹੋਏ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ਨੂੰ ਖਤਰੇ ਵਿੱਚ ਨਹੀਂ ਪਾਉਣਗੇ ਅਤੇ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾ ਕੇ ਲੋਕ ਸੇਵਾ ਦੀ ਮਿਸਾਲ ਕਾਇਮ ਕਰਨਗੇ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਨੂੰ ਸਾੜਨ ਨਾਲ ਜਿੱਥੇ ਸੜਕਾਂ ਦੇ ਕਿਨਾਰੇ ਖੜੇ ਰੁੱਖਾਂ ਅਤੇ ਹੋਰ ਬਨਸਪਤੀ ਨੂੰ ਨੁਕਸਾਨ ਪੁੱਜਦਾ ਹੈ ਉਥੇ ਹੀ ਸੜਕਾਂ ਉੱਤੇ ਚੱਲਣ ਵਾਲੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਨਾਲ ਸੜਕ ਦੁਰਘਟਨਾਵਾਂ ਵੀ ਵਾਪਰ ਜਾਂਦੀਆਂ ਹਨ ਅਤੇ ਜਾਨੀ ਤੇ ਮਾਲੀ ਨੁਕਸਾਨ ਦਾ ਡਰ ਲਗਾਤਾਰ ਬਣਿਆ ਰਹਿੰਦਾ ਹੈ । ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਕਿਸਾਨਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਪਰਾਲੀ ਸੰਭਾਲਣ ਵਾਸਤੇ ਸੁਹਿਰਦ ਯਤਨ ਕਰਨ ਦੀ ਲੋੜ ਹੈ ਤਾਂ ਕਿ ਆਪਣੇ ਆਲੇ ਦੁਆਲੇ ਫੈਲੇ ਪ੍ਰਦੂਸ਼ਣ ਨੂੰ ਠੱਲ੍ਹ ਪਾਈ ਜਾ ਸਕੇ । ਅਧਿਕਾਰੀਆਂ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਪਰਾਲੀ ਸਾੜਨ ਦੇ ਮਸਲੇ ਨੂੰ ਲੈ ਕੇ ਕਾਫੀ ਗੰਭੀਰ ਹੈ ਅਤੇ ਜਾਰੀ ਹਦਾਇਤਾਂ ਤਹਿਤ ਹੁਣ ਤੱਕ ਪਰਾਲੀ ਸਾੜਨ ਵਾਲਿਆਂ ਖਿਲਾਫ 49 ਐਫ. ਆਈ. ਆਰ. ਦਰਜ ਕਰਕੇ ਮਾਲ ਰਿਕਾਰਡ ਵਿੱਚ ਲਾਲ ਇੰਦਰਾਜ ਕੀਤੇ ਜਾ ਚੁੱਕੇ ਹਨ ਅਤੇ ਇਨਵਾਇਰਮੈਂਟ ਕੰਪਨਸੇਸ਼ਨ ਵਜੋਂ ਇੱਕ ਲੱਖ 22 ਹਜ਼ਾਰ 500 ਰੁਪਏ ਜ਼ੁਰਮਾਨਾ ਲਗਾਇਆ ਗਿਆ ਹੈ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ, ਐਸਪੀ ਪਲਵਿੰਦਰ ਸਿੰਘ ਚੀਮਾ, ਐਸ. ਡੀ. ਐਮ. ਸੰਗਰੂਰ ਚਰਨਜੋਤ ਸਿੰਘ ਵਾਲੀਆ, ਐਸਡੀਐਮ ਸੁਨਾਮ ਊਧਮ ਸਿੰਘ ਵਾਲਾ ਪ੍ਰਮੋਦ ਸਿੰਗਲਾ, ਮੁੱਖ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ ।

Related Post