post

Jasbeer Singh

(Chief Editor)

Punjab

ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ

post-img

ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ - ਮੌਨਸੂਨ ਸੀਜ਼ਨ ਤੋਂ ਪਹਿਲਾਂ ਪਹਿਲਾਂ ਰੇਤ ਦੀਆਂ ਬੋਰੀਆਂ ਭਰ ਕੇ ਐੱਸ ਡੀ ਐੱਮ ਦਫ਼ਤਰ, ਪੁਲਿਸ ਸਟੇਸ਼ਨ ਅਤੇ ਉਹਨਾਂ ਹੋਰ ਜਗ੍ਹਾਵਾਂ ਉੱਤੇ ਰਖਵਾਉਣ ਦੀ ਹਦਾਇਤ - ਇਸ ਵਾਰ ਮੌਨਸੂਨ ਸਮੇਂ ਤੋਂ ਪਹਿਲਾਂ ਆਉਣ ਅਤੇ ਭਾਰੀ ਮੀਂਹ ਪੈਣ ਦਾ ਖ਼ਦਸ਼ਾ - ਉਮੀਦ ਪ੍ਰਗਟਾਈ, ਪਿਛਲੇ ਸਾਲ ਬੰਨ੍ਹਾਂ ਦੀ ਕੀਤੀ ਮਜ਼ਬੂਤੀ ਕਾਰਨ ਇਸ ਵਾਰ ਸਥਿਤੀ ਬੇਹਤਰ ਰਹਿਣ ਦੀ ਸੰਭਾਵਨਾ ਮਕਰੋੜ ਸਾਹਿਬ/ਮੂਨਕ, 29 ਮਈ : ਅਗਾਮੀ ਮੌਨਸੂਨ ਸੀਜ਼ਨ ਦੌਰਾਨ ਹੜ੍ਹ ਵਰਗੀ ਸਥਿਤੀ ਤੋਂ ਬਚਣ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਅਗਾਊਂ ਰੋਕਥਾਮ ਪ੍ਰਬੰਧ ਸ਼ੁਰੂ ਕੀਤੇ ਹੋਏ ਹਨ। ਉਥੇ ਹੀ ਉੱਚ ਅਧਿਕਾਰੀਆਂ ਨੇ ਹੁਣੇ ਤੋਂ ਸਥਿਤੀ ਉੱਤੇ ਨਜ਼ਰ ਰੱਖਣ ਲਈ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਵੀ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਸਮਾਂ ਰਹਿੰਦੇ ਬਚਾਅ ਕਾਰਜ ਮੁਕੰਮਲ ਕਰਵਾ ਲਏ ਜਾਣ। ਇਸੇ ਤਰ੍ਹਾਂ ਸਬੰਧੀ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨੇ ਮਕਰੋੜ ਸਾਹਿਬ ਅਤੇ ਮੂਨਕ ਵਿੱਚੋਂ ਲੰਘਦੇ ਘੱਗਰ ਦਰਿਆ ਖੇਤਰ ਦਾ ਅਧਿਕਾਰੀਆਂ ਨੂੰ ਨਾਲ ਲੈ ਕੇ ਦੌਰਾ ਕੀਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਨਹਿਰੀ ਵਿਭਾਗ ਨੂੰ ਹਦਾਇਤ ਕੀਤੀ ਕਿ ਮੌਨਸੂਨ ਸੀਜ਼ਨ ਤੋਂ ਪਹਿਲਾਂ ਪਹਿਲਾਂ ਰੇਤ ਦੀਆਂ ਬੋਰੀਆਂ ਭਰ ਕੇ ਐੱਸ ਡੀ ਐੱਮ ਦਫ਼ਤਰ, ਪੁਲਿਸ ਸਟੇਸ਼ਨ ਅਤੇ ਉਹਨਾਂ ਹੋਰ ਜਗ੍ਹਾਵਾਂ ਉੱਤੇ ਰਖਵਾਇਆ ਜਾਵੇ ਜਿਥੋਂ ਲੋੜ੍ਹ ਪੈਣ ਉੱਤੇ ਤੁਰੰਤ ਚੁਕਵਾਇਆ ਜਾ ਸਕੇ। ਉਹਨਾਂ ਸਮੂਹ ਅਧਿਕਾਰੀਆਂ ਨੂੰ ਚੇਤੰਨ ਕੀਤਾ ਕਿ ਇਸ ਵਾਰ ਮੌਨਸੂਨ ਸਮੇਂ ਤੋਂ ਪਹਿਲਾਂ ਆਉਣ ਅਤੇ ਭਾਰੀ ਮੀਂਹ ਪੈਣ ਦਾ ਖ਼ਦਸ਼ਾ ਹੈ। ਇਸ ਇਲਾਕੇ ਦੀ ਤ੍ਰਾਸਦੀ ਹੈ ਕਿ ਜੇਕਰ ਇਥੇ ਮੀਂਹ ਨਾ ਵੀ ਪਵੇ ਤਾਂ ਵੀ ਪਾਣੀ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਕਿਸੇ ਵੀ ਹੰਗਾਮੀ ਸਥਿਤੀ ਦਾ ਸਾਹਮਣਾ ਕਰਨ ਲਈ ਸਾਨੂੰ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ। ਇਸ ਸਮੇਂ ਹਾਜ਼ਰ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨੇ ਕਿਹਾ ਕਿ ਕਿਸੇ ਵੀ ਗੰਭੀਰ ਸਥਿਤੀ ਦਾ ਮੁਕਾਬਲਾ ਕਰਨ ਲਈ ਇਕ ਯੋਜਨਾਬੰਦੀ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਇਸ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਨੂੰ ਡਿਸਟ੍ਰਿਕ ਡਿਜ਼ਾਸਟਰ ਮੈਨੇਜਮੈਂਟ ਪਲਾਨ ਤਿਆਰ ਕਰਨ ਅਤੇ ਉਸ ਉੱਤੇ ਕੰਮ ਕਰਨ ਦੀ ਹਦਾਇਤ ਕੀਤੀ ਹੋਈ ਹੈ। ਜਿਸ ਉੱਤੇ ਜਲਦ ਹੀ ਕੰਮ ਸ਼ੁਰੂ ਹੋ ਜਾਵੇਗਾ। ਉਹਨਾਂ ਕਿਹਾ ਕਿ ਹੜ੍ਹ ਵਰਗੀ ਸਥਿਤੀ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਹੈ ਕਿ ਜ਼ਿਲ੍ਹਾ ਸੰਗਰੂਰ ਦੀ ਹਦੂਦ ਅੰਦਰੋਂ ਲੰਘਦੇ ਘੱਗਰ ਦਰਿਆ ਦੀ ਸਫਾਈ ਤੁਰੰਤ ਸ਼ੁਰੂ ਕੀਤੀ ਜਾਵੇ ਅਤੇ ਇਸ ਨੂੰ 30 ਜੂਨ ਤੋਂ ਪਹਿਲਾਂ ਪਹਿਲਾਂ ਮੁਕੰਮਲ ਕੀਤਾ ਜਾਵੇ। ਸਾਈਫਨ ਦੀ ਸਫਾਈ ਵੀ ਜ਼ਰੂਰੀ ਹੈ। ਇਸੇ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦੇ ਛੱਪੜਾਂ ਦੀ ਸਫਾਈ ਵੀ ਤੁਰੰਤ ਸ਼ੁਰੂ ਕੀਤੀ ਜਾਵੇ। ਲੋਕਾਂ ਦੇ ਘਰਾਂ ਵਿੱਚ ਪਾਣੀ ਨਾ ਵੜੇ ਇਸ ਲਈ ਗਲੀਆਂ ਨਾਲੀਆਂ ਦੀ ਸਫਾਈ ਵੀ ਜ਼ਰੂਰੀ ਹੈ। ਪਿੰਡਾਂ ਦੀ ਤਰਜ਼ ਉੱਤੇ ਸ਼ਹਿਰਾਂ ਨੂੰ ਵੀ ਬਰਸਾਤੀ ਪਾਣੀ ਤੋਂ ਬਚਾਉਣ ਦੀ ਲੋੜ ਹੈ। ਇਸ ਲਈ ਸ਼ਹਿਰਾਂ ਦੇ ਸੀਵਰੇਜ ਅਤੇ ਗਲੀਆਂ ਨਾਲੀਆਂ ਦੀ ਸਫਾਈ ਵੀ ਤੁਰੰਤ ਸ਼ੁਰੂ ਕਰਵਾਈ ਜਾਵੇ। ਇਸ ਕੰਮ ਲਈ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਸੁਪਰ ਸਕਸ਼ਨਿੰਗ ਅਤੇ ਜੈਟਿੰਗ ਮਸ਼ੀਨਾਂ ਦੀ ਪੂਰੀ ਵਰਤੋਂ ਕਰਨ ਬਾਰੇ ਕਿਹਾ ਗਿਆ। ਇਹ ਮਸ਼ੀਨਾਂ ਨੂੰ ਚਲਾਉਣ ਦੀ ਜਿੰਮੇਵਾਰੀ ਸੀਵਰੇਜ ਬੋਰਡ ਦੀ ਹੈ। ਉਹਨਾਂ ਸਪੱਸ਼ਟ ਕਿਹਾ ਕਿ ਜੇਕਰ ਸ਼ਹਿਰਾਂ ਵਿੱਚ ਪਾਣੀ ਰੁਕਿਆ ਤਾਂ ਲਈ ਕਾਰਜਕਾਰੀ ਅਫ਼ਸਰ ਨਿੱਜੀ ਤੌਰ ਉੱਤੇ ਜਿੰਮੇਵਾਰ ਹੋਣਗੇ । ਉਹਨਾਂ ਕਿਹਾ ਕਿ ਜਲਦ ਤੋਂ ਜਲਦ ਤਹਿਸੀਲ ਅਤੇ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਤ ਕੀਤੇ ਜਾਣ, ਰਾਹਤ ਕੈਂਪਾਂ ਦੀ ਸੂਚੀ, ਕਮਿਊਨੀਕੇਸ਼ਨ ਪਲਾਨ, ਹੌਟ ਸਪੌਟ ਸਥਾਨਾਂ ਦੀ ਸੂਚੀ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜਣ ਲਈ ਕਿਹਾ ਹੋਇਆ ਹੈ। ਜ਼ਿਲ੍ਹਾ ਪੱਧਰੀ ਅਤੇ ਤਹਿਸੀਲ ਪੱਧਰੀ ਰਿਸਪਾਂਸ ਟੀਮਾਂ ਦਾ ਗਠਨ ਕਰਨ ਅਤੇ ਮੌਜੂਦ ਦਵਾਈਆਂ ਦਾ ਸਟਾਕ ਅਤੇ ਰਿਕਾਰਡ ਰੱਖਣ ਬਾਰੇ ਵੀ ਕਿਹਾ ਗਿਆ ਹੈ। ਇਸੇ ਤਰ੍ਹਾਂ ਮੁੱਖ ਖੇਤੀਬਾੜੀ ਅਫ਼ਸਰ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਵੀ ਪਸ਼ੂਆਂ ਲਈ ਹਰਾ ਅਤੇ ਸੁੱਕਾ ਚਾਰਾ ਪ੍ਰਬੰਧ ਕਰਨ ਬਾਰੇ ਕਿਹਾ ਗਿਆ ਹੈ। ਇਸ ਮੌਕੇ ਹਾਜ਼ਰ ਡਰੇਨੇਜ ਵਿਭਾਗ ਦੇ ਐਕਸੀਅਨ ਸ਼੍ਰੀ ਗੁਨਦੀਪ ਬਾਂਸਲ ਨੇ ਦੱਸਿਆ ਕਿ ਘੱਗਰ ਦਰਿਆ ਵਿੱਚ 25000 ਕਿਊਸਿਕ ਪਾਣੀ ਚੱਲਣ ਦੀ ਸਮਰੱਥਾ ਹੈ। ਪਿਛਲੇ ਸਾਲ 745-46 ਫੁੱਟ ਤੱਕ ਪਾਣੀ ਚੱਲਿਆ ਸੀ। ਇਸ ਵਾਰ ਵੀ ਉਮੀਦ ਹੈ ਕਿ ਪਾਣੀ ਇਸ ਪੱਧਰ ਤੋਂ ਘੱਟ ਹੀ ਚੱਲੇਗਾ। ਉਹਨਾਂ ਕਿਹਾ ਕਿ ਪਿਛਲੇ ਸਾਲ ਮਕਰੋੜ ਸਾਹਿਬ ਤੋਂ ਕੜ੍ਹੈਲ ਤੱਕ ਬੰਨ੍ਹ ਨੂੰ 15 ਫੁੱਟ ਚੌੜਾ ਕੀਤਾ ਗਿਆ ਸੀ। ਇਸ ਵਾਰ ਵੀ ਰਹਿੰਦੇ ਬੰਨ੍ਹਾਂ ਦੀ ਮਜ਼ਬੂਤੀ ਲਗਾਤਾਰ ਜਾਰੀ ਹੈ। ਡਿਪਟੀ ਕਮਿਸ਼ਨਰ ਨੇ ਭਰੋਸਾ ਜਤਾਇਆ ਪਿਛਲੇ ਸਾਲ ਮਕਰੋੜ ਸਾਹਿਬ ਤੋਂ ਕੜ੍ਹੈਲ ਤੱਕ ਬੰਨ੍ਹ ਨੂੰ 15 ਫੁੱਟ ਚੌੜਾ ਕਰਨ ਨਾਲ ਸਥਿਤੀ ਨੂੰ ਕਾਬੂ ਹੇਠ ਕਰਕੇ ਰੱਖਣ ਵਿੱਚ ਬਹੁਤ ਮਦਦ ਮਿਲੇਗੀ ।

Related Post