 
                                             ਜਿੰਮੀ ਫੈਲਨ ਦੇ ‘ਦਿ ਟੂਨਾਈਟ ਸ਼ੋਅ’ ਵਿੱਚ ਪਹੁੰਚਿਆ ਦਿਲਜੀਤ ਦੋਸਾਂਝ
- by Aaksh News
- June 19, 2024
 
                              ਦਿਲਜੀਤ ਦੋਸਾਂਝ ਨੇ ਜਿੰਮੀ ਫੈਲਨ ਦੇ ‘ਦਿ ਟੂਨਾਈਟ ਸ਼ੋਅ’ ਵਿੱਚ ਸ਼ਿਰਕਤ ਕਰ ਕੇ ਵਿਸ਼ਵ ਪੱਧਰ ’ਤੇ ਭਾਰਤੀ ਸੰਗੀਤ ਜਗਤ ਲਈ ਇਤਿਹਾਸਕ ਪਲ ਦਰਜ ਕਰ ਦਿੱਤੇ ਹਨ। ਇਥੇ ਉਸ ਨੇ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਦਿਲਜੀਤ ਨੇ ਇਥੇ ਆਪਣੇ ਮਕਬੂਲ ਹੋਏ ਗੀਤ ‘ਬੌਰਨ ਟੂ ਸ਼ਾਈਨ’ ਅਤੇ ‘ਜੀਓਏਟੀ’ ਦੀ ਪੇਸ਼ਕਾਰੀ ਦੇ ਕੇ ਆਪਣੀ ਛਾਪ ਛੱਡੀ ਹੈ। ‘ਅਮਰ ਸਿੰਘ ਚਮਕੀਲਾ’ ਦੇ ਅਦਾਕਾਰ ਨੇ ‘ਮੈਂ ਹੂੰ ਪੰਜਾਬ’ ਨਾਲ ਆਪਣੀ ਪੇਸ਼ਕਾਰੀ ਦੀ ਸਮਾਪਤੀ ਕੀਤੀ। ‘ਦਿ ਟੂਨਾਈਟ ਸ਼ੋਅ’ ਦੇ ਅਧਿਕਾਰਤ ਯੂਟਿਊਬ ਚੈਨਲ ’ਤੇ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਜਿੰਮੀ ਫੈਲਨ ਪੂਰੇ ਜੋਸ਼ ਨਾਲ ਦਿਲਜੀਤ ਦੋਸਾਂਝ ਨੂੰ ਦਰਸ਼ਕਾਂ ਦੇ ਰੂਬਰੂ ਕਰਵਾਉਂਦਾ ਦਿਖਾਈ ਦਿੰਦਾ ਹੈ। ਇਸ ਵੀਡੀਓ ’ਚ ਉਹ ਕਹਿੰਦਾ, ‘‘ਤੁਸੀਂ ਹੁਣ ਸਾਡੇ ਅਗਲੇ ਮਹਿਮਾਨ ਨੂੰ ਮਿਲੋਗੇ ਜੋ ਯੂਐੱਸ ਟੀਵੀ ’ਤੇ ਪਹਿਲੀ ਵਾਰ ‘ਬੌਰਨ ਟੂ ਸ਼ਾਈਨ’ ਅਤੇ ‘ਜੀਓਏਟੀ’ ਦੀ ਪੇਸ਼ਕਾਰੀ ਦੇਣ ਜਾ ਰਿਹਾ, ਜੀ ਆਇਆਂ ਨੂੰ ਦਿੱਗਜ ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ।’’ ਇਸ ਮੌਕੇ ਦੋਸਾਂਝ ਪੰਜਾਬੀ ਰਵਾਇਤੀ ਪਹਿਰਾਵੇ ਵਿੱਚ ਦਿਖੇ। ਉਸ ਨੇ ਸਫ਼ੈਦ ਰੰਗ ਦਾ ਕੁੜਤਾ-ਚਾਦਰਾ ਪਹਿਨਿਆ ਹੋਇਆ ਸੀ। ਦੁਨੀਆ ਭਰ ਦੇ ਪੰਜਾਬੀ ਸੰਗੀਤ ਪ੍ਰੇਮੀਆਂ ਦਾ ਸੁਪਨਾ ਸਾਕਾਰ ਹੋਇਆ ਦਿਲਜੀਤ ਦੋਸਾਂਝ ਨੇ ਜਿੰਮੀ ਫੈਲਨ ਦੇ ਸ਼ੋਅ ਵਿੱਚ ਸ਼ਿਰਕਤ ਕਰ ਕੇ ਆਪਣਾ ਤਜਰਬਾ ਸਾਂਝਾ ਕੀਤਾ ਹੈ। ਦਿਲਜੀਤ ਨੇ ਕਿਹਾ ਕਿ ਇਹ ਦੁਨੀਆ ਭਰ ਦੇ ਸਾਰੇ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਹੋਣ ਵਾਲੀ ਗੱਲ ਹੈ। ਉਸ ਨੇ ਕਿਹਾ, ‘‘ਇਹ ਸਿਰਫ਼ ਮੇਰੇ ਲਈ ਹੀ ਨਹੀਂ, ਸਗੋਂ ਦੁਨੀਆਂ ਭਰ ਦੇ ਸਾਰੇ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਇੱਕ ਸੁਪਨਾ ਸਾਕਾਰ ਹੋਣ ਵਰਗਾ ਹੈ।’’

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     