ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਓਪਨ ਖੇਤੀਬਾੜੀ ਜੇਲ੍ਹ ਨਾਭਾ ਦਾ ਦੌਰਾ
- by Jasbeer Singh
- December 25, 2025
ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਓਪਨ ਖੇਤੀਬਾੜੀ ਜੇਲ੍ਹ ਨਾਭਾ ਦਾ ਦੌਰਾ ਕੈਦੀਆਂ ਲਈ ਸਿਹਤ ਸਹੂਲਤਾਂ ਯਕੀਨੀ ਬਨਾਉਣ ‘ ਤੇ ਜ਼ੋਰ ਪਟਿਆਲਾ, 25 ਦਸੰਬਰ 2025 : ਜ਼ਿਲ੍ਹਾ ਅਤੇ ਸੈਸ਼ਨ ਜੱਜ, ਪਟਿਆਲਾ ਸ਼੍ਰੀ ਅਵਤਾਰ ਸਿੰਘ ਨੇ ਚੀਫ ਜੂਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਅਮਨਦੀਪ ਕੰਬੋਜ, ਨਾਲ ਓਪਨ ਖੇਤੀਬਾੜੀ ਜੇਲ੍ਹ, ਨਾਭਾ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਜ਼ਿਲ੍ਹਾ ਅਤੇ ਸੈਸ਼ਨ ਜੱਜ, ਪਟਿਆਲਾ, ਸ਼੍ਰੀ ਅਵਤਾਰ ਸਿੰਘ ਨੇ ਨਿੱਜੀ ਤੌਰ ‘ਤੇ ਹਰੇਕ ਬੈਰਕ ਦਾ ਦੌਰਾ ਕੀਤਾ। ਕੈਦੀਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਹੱਲ ਕਰਨ ਦੀ ਕੋਸ਼ਿਸ਼ ਵਜੋਂ, ਮਾਣਯੋਗ ਜੱਜ ਸਾਹਿਬਾਨ ਨੇ ਉਨ੍ਹਾਂ ਨਾਲ ਸਾਰਥਕ ਗੱਲਬਾਤ ਕੀਤੀ ।ਕੈਦੀਆਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਕੈਦੀਆਂ ਲਈ ਢੁਕਵੀਆਂ ਸਿਹਤ ਅਤੇ ਡਾਕਟਰੀ ਸਹੂਲਤਾਂ ਨੂੰ ਯਕੀਨੀ ਬਣਾਉਣ ‘ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਸ ਸੰਬੰਧੀ ਜੇਲ੍ਹ ਅਧਿਕਾਰੀਆਂ ਅਤੇ ਸਟਾਫ ਨੂੰ ਜਰੂਰੀ ਹਦਾਇਤਾਂ ਵੀ ਦਿੱਤੀਆਂ ਗਈਆਂ । ਇਸ ਮੌਕੇ ਚੀਫ ਜੂਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਅਮਨਦੀਪ ਕੰਬੋਜ ਨੇ ਲੋੜਵੰਦਾਂ ਲਈ ਮੁਫ਼ਤ ਕਾਨੂੰਨੀ ਸਹਾਇਤਾ ਦੀ ਉਪਲਬਧਤਾ ਤੇ ਵੀ ਚਾਨਣਾ ਪਾਇਆ। ਉਨ੍ਹਾਂ ਅੱਗੇ ਦੱਸਿਆ ਕਿ ਸਹਾਇਤਾ ਮੰਗਣ ਵਾਲੇ ਵਿਅਕਤੀ ਪਟਿਆਲਾ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕਰਨ ਲਈ ਨਿੱਜੀ ਤੌਰ ਤੇ ਜਾਂ 0175-2306500 ਤੇ ਫੋਨ ਰਾਹੀਂ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਹਾਇਤਾ ਲਈ ਨਾਲਸਾ ਹੈਲਪਲਾਈਨ ਨੰਬਰ 15100 ਤੇ ਸੰਪਰਕ ਕਰਨ ਬਾਰੇ ਜਾਣਕਾਰੀ ਦਿੱਤੀ ।
