
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੇ ਸੰਸਾਰ ਦਿਵਸ ਮਨਾਇਆ
- by Jasbeer Singh
- December 10, 2024

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੇ ਸੰਸਾਰ ਦਿਵਸ ਮਨਾਇਆ ਪਟਿਆਲਾ, 10 ਦਸੰਬਰ : ਸੰਸਾਰ ਦਿਵਸ (ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ) ਮੌਕੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵਿਖੇ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ, ਐਸ. ਸੀ. ਕਾਰਪੋਰੇਸ਼ਨ, ਬੀ. ਸੀ. ਕਾਰਪੋਰੇਸ਼ਨ, ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਆਰ. ਸੇਟੀ ਦੇ ਨੁਮਾਇੰਦਿਆਂ ਵੱਲੋਂ ਸ਼ਿਰਕਤ ਕੀਤੀ । ਇਸ ਪ੍ਰੋਗਰਾਮ ਦੌਰਾਨ 22 ਦਿਵਿਆਂਗ ਵਿਅਕਤੀਆਂ ਵੱਲੋਂ ਭਾਗ ਲਿਆ ਗਿਆ । ਇਸ ਮੌਕੇ ਡਿਪਟੀ ਸੀ. ਈ. ਓ. ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸਤਿੰਦਰ ਸਿੰਘ ਨੇ ਦਿਵਿਆਂਗ ਵਿਅਕਤੀਆਂ ਨੂੰ ਸਮਾਜ ਦਾ ਅਹਿਮ ਹਿੱਸਾ ਦੱਸਿਆ ਅਤੇ ਕਿਹਾ ਕਿ ਅਜਿਹੇ ਦਿਨ ਮਨਾਉਣ ਦਾ ਮੁੱਖ ਮਕਸਦ ਦਿਵਿਆਂਗ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜ ਕੇ ਰੱਖਣਾ ਹੈ । ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਚ ਕੋਈ ਕਮੀ ਤੇ ਪ੍ਰਤਿਭਾ ਹੁੰਦੀ ਹੈ ਤੇ ਸਾਨੂੰ ਆਪਣੀ ਕਮੀ ਨੂੰ ਦੂਰ ਕਰਕੇ ਪ੍ਰਤਿਭਾ ਨੂੰ ਨਿਖਾਰਨ ਵੱਲ ਯਤਨ ਕਰਨੇ ਚਾਹੀਦੇ ਹਨ ਅਤੇ ਉਹਨਾਂ ਨੇ ਰੋਜ਼ਗਾਰ ਬਿਉਰੋ ਵੱਲੋਂ ਦਿੱਤੀਆਂ ਜਾਣ ਵਾਲੀ ਸਹੂਲਤਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ । ਉਨ੍ਹਾਂ ਇਸ ਵਿਸ਼ੇਸ਼ ਦਿਨ ਦੀ ਮੁਬਾਰਕ ਦਿੰਦਿਆਂ ਕਿਹਾ ਕਿ ਮਿਹਨਤ ਮਨੁੱਖ ਵਿਚਲੀ ਹਰੇਕ ਕਮੀ ਨੂੰ ਪੂਰਾ ਕਰ ਦਿੰਦੀ ਹੈ । ਇਸ ਮੌਕੇ ਉਨ੍ਹਾਂ ਦਿਵਿਆਂਗਜਨਾਂ ਨੂੰ ਵੋਟ ਬਣਵਾਉਣ ਲਈ ਵੀ ਪ੍ਰੇਰਿਤ ਕੀਤਾ ਤਾਂ ਜੋ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਚ ਦਿਵਿਆਂਗਜਨ ਆਪਣੀ ਅਹਿਮ ਭੂਮਿਕਾ ਨਿਭਾਅ ਸਕਣ । ਇਸ ਮੌਕੇ ਰੂਪਸੀ ਪਹੂਜਾ ਕਰੀਅਰ ਕਾਉਂਸਲਰ ਨੇ ਕਿਹਾ ਕਿ ਅਜੋਕੇ ਸਮੇਂ ਨਵੀਂਆਂ ਤਕਨੀਕਾਂ ਸਦਕਾ ਦਿਵਿਆਂਗਜਨਾਂ ਦੀਆਂ ਸਹੂਲਤਾਂ ਵੱਲ ਕ੍ਰਾਂਤੀਕਾਰੀ ਕੰਮ ਕੀਤਾ ਗਿਆ ਹੈ ਅਤੇ ਯੂਨੀਵਰਸਿਟੀਆਂ ਨੂੰ ਅਜਿਹੇ ਸਮਾਗਮ ਕਰਵਾ ਕੇ ਸਮਾਜ ਨਾਲ ਸਿੱਧੇ ਤੌਰ ਤੇ ਜੁੜਨਾ ਚਾਹੀਦਾ ਹੈ ਤਾਂ ਕਿ ਸਮਾਜ ਵਿਚਲੀਆਂ ਮੁਸ਼ਕਲਾਂ ਨੂੰ ਸਮਝ ਕੇ ਇਸ ਤੇ ਕੰਮ ਕੀਤਾ ਜਾ ਸਕੇ । ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ, ਐਸ. ਸੀ. ਕਾਰਪੋਰੇਸ਼ਨ, ਬੀ. ਸੀ. ਕਾਰਪੋਰੇਸ਼ਨ,ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਆਰ.ਸੇਟੀ ਦੇ ਨੁਮਾਇੰਦਿਆਂ ਵੱਲੋਂ ਪ੍ਰਾਰਥੀਆਂ ਨੂੰ ਸਕਿੱਲ ਕੋਰਸਾਂ, ਸਵੈ-ਰੋਜ਼ਗਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ । ਇਸ ਪ੍ਰੋਗਰਾਮ ਦੌਰਾਨ ਦਿਵਿਆਂਗਜਨਾਂ ਨੇ ਆਪਣਾ ਨਾਮ ਰੋਜ਼ਗਾਰ ਬਿਉਰੋ ਵਿਖੇ ਰਜਿਸਟਰ ਕੀਤਾ ਗਿਆ ।