
ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਜਨਤਕ ਸਥਾਨਾਂ ਉੱਤੇ ਛਾਪਾਮਾਰੀ
- by Jasbeer Singh
- July 11, 2024

ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਜਨਤਕ ਸਥਾਨਾਂ ਉੱਤੇ ਛਾਪਾਮਾਰੀ ਸੰਗਰੂਰ, 11 ਜੁਲਾਈ : ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨਵਨੀਤ ਕੌਰ ਤੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਵੱਲੋਂ ਪੰਜਾਬ ਰਾਜ ਨੂੰ ਬਾਲ ਭਿੱਖਿਆ ਮੁਕਤ ਬਣਾਉਣ ਲਈ ਸਖਤ ਕਦਮ ਚੁੱਕਣ ਦੇ ਆਦੇਸ਼ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਇਹਨਾਂ ਆਦੇਸ਼ਾਂ ਦੀ ਪਾਲਣਾ ਤਹਿਤ ਬੀਤੀ ਦਿਨ ਤੋਂ ਸੰਗਰੂਰ ਸ਼ਹਿਰ ਵਿਖੇ ਆਮ ਜਨਤਕ ਥਾਵਾਂ ਜਿਵੇਂ ਕਿ ਬਸ ਸਟੈਂਡ, ਰੇਲਵੇ ਸਟੇਸ਼ਨ, ਬਾਜ਼ਾਰ ਆਦਿ ਵਿਖੇ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੁਆਰਾ ਅਚਨਚੇਤ ਛਾਪਾਮਾਰੀ ਕੀਤੀ ਗਈ ਜਿਸ ਦੌਰਾਨ ਇੱਕ ਬੱਚਾ ਭੀਖ ਮੰਗਦਾ ਪਾਇਆ ਗਿਆ। ਉਨ੍ਹਾ ਦੱਸਿਆ ਕਿ ਬੱਚੇ ਦੇ ਮਾਤਾ-ਪਿਤਾ ਦੀ ਕੌਂਸਲਿੰਗ ਕਰਨ ਉਪਰੰਤ ਸਖਤ ਹਦਾਇਤਾਂ ਨਾਲ ਛੱਡ ਦਿੱਤਾ ਗਿਆ। ਜਿਲਾ ਬਾਲ ਸੁਰੱਖਿਆ ਅਫਸਰ ਨਵਨੀਤ ਕੌਰ ਤੂਰ ਵੱਲੋਂ ਉਨਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਛੋਟੇ ਬੱਚਿਆਂ ਤੋਂ ਬਾਲ ਭਿੱਖਿਆ ਨਾ ਕਰਵਾ ਕੇ ਸਕੂਲਾਂ ਵਿੱਚ ਪੜ੍ਹਨ ਲਈ ਭੇਜਿਆ ਜਾਵੇ। ਉਹਨਾਂ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਬਾਲ ਭਿੱਖਿਆ ਕਰਵਾਉਣਾ ਕਾਨੂੰਨੀ ਜੁਰਮ ਹੈ। ਜ਼ਿਲਾ ਪੱਧਰੀ ਟਾਸਕ ਫੋਰਸ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸੰਗਰੂਰ ਤੋਂ ਗਗਨਦੀਪ ਗਰਗ ਰੁਪਿੰਦਰ ਸਿੰਘ ,ਅਮਨਦੀਪ ਸਿੰਘ ਅਤੇ ਸਿਹਤ ਵਿਭਾਗ ਤੋਂ ਡਾਕਟਰ ਰਜਨੀਸ਼ ਅਤੇ ਸਿੱਖਿਆ ਵਿਭਾਗ ਤੋਂ ਯੁਗੇਸ਼ ਮਹਿਤਾ ਅਤੇ ਪੁਲਿਸ ਵਿਭਾਗ ਤੋਂ ਮਮਤਾ ਰਾਣੀ, ਜਗਸੀਰ ਸਿੰਘ ਅਤੇ ਬਾਲ ਭਲਾਈ ਕਮੇਟੀ ਤੋਂ ਮੈਂਬਰ ਸੁਖਵਿੰਦਰ ਸਿੰਘ ਨੇ ਹਿੱਸਾ ਲਿਆ।