
ਜ਼ਿਲ੍ਹਾ ਨਿਵਾਸੀ ਕਿਸੇ ਵੀ ਤਰ੍ਹਾਂ ਦੀ ਸੋਸ਼ਲ ਮੀਡੀਆ ਖ਼ਬਰ ਜਾਂ ਅਫ਼ਵਾਹ ਉਪਰ ਬਿਨ੍ਹਾਂ ਪੜਤਾਲ ਕੀਤੇ ਯਕੀਨ ਨਾ ਕਰਨ ਤੇ ਨਾ ਹੀ
- by Jasbeer Singh
- May 9, 2025

ਜ਼ਿਲ੍ਹਾ ਨਿਵਾਸੀ ਕਿਸੇ ਵੀ ਤਰ੍ਹਾਂ ਦੀ ਸੋਸ਼ਲ ਮੀਡੀਆ ਖ਼ਬਰ ਜਾਂ ਅਫ਼ਵਾਹ ਉਪਰ ਬਿਨ੍ਹਾਂ ਪੜਤਾਲ ਕੀਤੇ ਯਕੀਨ ਨਾ ਕਰਨ ਤੇ ਨਾ ਹੀ ਅੱਗੇ ਫੈਲਾਉਣ-ਡਾ. ਪ੍ਰੀਤੀ ਯਾਦਵ -ਕੋਈ ਵੀ ਪੁਖ਼ਤਾ ਜਾਣਕਾਰੀ ਡੀ.ਸੀ. ਪਟਿਆਲਾ ਦੇ ਐਕਸ ਹੈਂਡਲ ਤੇ ਡੀ.ਪੀ.ਆਰ.ਓ. ਦੇ ਫੇਸਬੁਕ ਪੇਜ ਤੋਂ ਲਈ ਜਾ ਸਕਦੀ ਹੈ -ਪਟਿਆਲਾ ਜ਼ਿਲ੍ਹੇ 'ਚ ਸਿਵਲ ਡਿਫੈਂਸ ਮੁੜ ਸੁਰਜੀਤ, ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ -ਕਿਸੇ ਵੀ ਐਮਰਜੈਂਸੀ ਵੇਲੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ 0175-2350550 ਤੇ ਪੁਲਿਸ ਕੰਟਰੋਲ ਰੂਮ ਦੇ ਨੰਬਰਾਂ 98764-32100, 95929-17910 ਤੇ 95929-12500 'ਤੇ ਸੰਪਰਕ ਕੀਤਾ ਜਾ ਸਕਦਾ ਹੈ -ਸਹਿਯੋਗ ਲਈ ਅੱਗੇ ਆਉਣ ਵਾਲੀਆਂ ਪਟਿਆਲਾ ਇੰਡਸਟ੍ਰੀਜ਼ ਐਸੋਸੀਏਸ਼ਨ, ਮਾਰਕੀਟ ਐਸੋਸੀਏਸ਼ਨਾਂ, ਆਮ ਨਾਗਰਿਕਾਂ ਤੇ ਸਮਾਜ ਸੇਵੀ ਜਥੇਬੰਦੀਆਂ ਦਾ ਕੀਤਾ ਧੰਨਵਾਦ ਪਟਿਆਲਾ, 9 ਮਈ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਸੋਸ਼ਲ ਮੀਡੀਆ ਉਪਰ ਜਾਂ ਕਿਸੇ ਹੋਰ ਵੱਲੋਂ ਫੈਲਾਈ ਖ਼ਬਰ ਜਾਂ ਅਫ਼ਵਾਹ ਉਪਰ ਅੱਖਾਂ ਬੰਦ ਕਰਕੇ ਯਕੀਨ ਨਾ ਕਰਨ ਅਤੇ ਨਾ ਹੀ ਉਸ ਨੂੰ ਬਿਨ੍ਹਾਂ ਪੜਤਾਲ ਕੀਤੇ ਫਾਰਵਰਡ ਕਰਨ ਜਾਂ ਨਾ ਹੀ ਅੱਗੇ ਫੈਲਾਉਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਨਿਵਾਸੀ ਹਰ ਤਰ੍ਹਾਂ ਦੀ ਪੁਖ਼ਤਾ ਜਾਣਕਾਰੀ ਲਈ ਡਿਪਟੀ ਕਮਿਸ਼ਨਰ ਪਟਿਆਲਾ ਦੇ ਐਕਸ ਹੈਂਡਲ ਅਤੇ ਡਿਸਟ੍ਰਿਕਟ ਪਬਲਿਕ ਰਿਲੇਸ਼ਨਜ਼ ਅਫ਼ਸਰ (ਡੀ.ਪੀ.ਆਰ.ਓ) ਪਟਿਆਲਾ ਦੇ ਫੇਸਬੁਕ ਪੇਜ਼ ਉਪਰ ਨਜ਼ਰ ਰੱਖਣ। ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਦੇਸ਼ ਅੰਦਰ ਚੱਲ ਰਹੇ ਤਣਾਅ ਵਾਲੇ ਮਾਹੌਲ ਦੇ ਮੱਦੇਨਜ਼ਰ ਹਰ ਨਾਗਰਿਕ ਨੂੰ ਸੁਚੇਤ ਤੇ ਸਾਵਧਾਨ ਹੋਣ ਦੀ ਲੋੜ ਹੈ ਪਰੰਤੂ ਕਿਸੇ ਵੀ ਤਰ੍ਹਾਂ ਘਬਰਾਹਟ ਵਿੱਚ ਨਾ ਆਇਆ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਵੀ ਪ੍ਰਸ਼ਾਸਨ ਵੱਲੋਂ ਬਲੈਕ ਆਊਟ, ਸਿਵਲ ਡਿਫੈਂਸ ਮੌਕ ਡਰਿੱਲ ਜਾਂ ਹਵਾਈ ਹਮਲੇ ਦੇ ਸਾਇਰਨ ਦੀ ਐਮਰਜੈਂਸੀ ਅਨਾਉਂਸਮੈਂਟ ਕੀਤੀ ਜਾਂਦੀ ਹੈ ਤਾਂ ਲੋਕਾਂ ਨੂੰ ਉਸ ਉਪਰ ਤੁਰੰਤ ਅਮਲ ਕਰਦੇ ਹੋਏ ਦਿੱਤੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਅਜਿਹੇ ਦਰਮਿਆਨ ਲੋਕਾਂ ਨੂੰ ਆਪਣੇ ਘਰਾਂ ਤੋਂ ਬਿਨ੍ਹਾਂ ਕਿਸੇ ਜਰੂਰੀ ਕੰਮ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਬਲਕਿ ਘਰਾਂ ਜਾਂ ਸੁਰੱਖਿਅਤ ਸਥਾਨਾਂ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਹੋਰ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਅੰਦਰ ਸਿਵਲ ਡਿਫੈਂਸ ਨੂੰ ਮੁੜ ਤੋਂ ਸੁਰਜੀਤ ਕੀਤਾ ਹੈ, ਇਸ ਲਈ ਚਾਹਵਾਨ ਲੋਕ ਸਿਵਲ ਡਿਫੈਂਸ ਨਾਲ ਜੁੜਨ ਅਤੇ ਸਹਿਯੋਗ ਕਰਨ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਤੱਕ ਤੁਰੰਤ ਹੰਗਾਮੀ ਸੁਨੇਹਾ ਪਹੁੰਚਾਉਣ ਲਈ ਜਿੱਥੇ ਮੀਡੀਆ ਨਾਲ ਸੰਪਰਕ ਸਾਧਿਆ ਹੋਇਆ ਹੈ, ਉਥੇ ਹੀ ਨਗਰ ਨਿਗਮ ਤੇ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕੌਂਸਲਰਾਂ, ਪੰਚਾਂ, ਸਰਪੰਚਾਂ, ਨੰਬਰਦਾਰਾਂ, ਧਾਰਮਿਕ ਅਸਥਾਨਾਂ ਦੇ ਮੁਖੀਆਂ ਤੇ ਪ੍ਰਬੰਧਕਾਂ, ਰੈਜੀਡੈਂਸ਼ਲ ਵੈਲਫੇਅਰ ਐਸੋਸੀਏਸ਼ਨਾਂ ਸਮੇਤ ਸਮਾਜ ਸੇਵੀ ਜਥੇਬੰਦੀਆਂ ਨਾਲ ਵੀ ਸੰਪਰਕ ਕੀਤਾ ਹੋਇਆ ਹੈ। ਡਾ. ਪ੍ਰੀਤੀ ਯਾਦਵ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਰਾਸ਼ਨ, ਆਟਾ, ਦਾਲਾਂ, ਤੇਲ, ਪੈਟਰੋਲ, ਐਲ.ਪੀ.ਜੀ ਦੀ ਸਪਲਾਈ ਦੀ ਕੋਈ ਤੋਟ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਆਮ ਨਾਗਰਿਕ ਤੇ ਵਪਾਰੀ ਜਰੂਰੀ ਵਸਤਾਂ ਦੀ ਕਾਲਾਬਾਜ਼ਾਰੀ ਤੇ ਕਾਹਲੀ ਵਿੱਚ ਖਰੀਦੋ ਫਰੋਖਤ ਜਾਂ ਜਮ੍ਹਾਖੋਰੀ ਨਾ ਕਰੇ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਐਮਰਜੈਂਸੀ ਹੋਈ ਤਾਂ ਜ਼ਿਲ੍ਹਾ ਪ੍ਰਸਾਸ਼ਨ ਸਭ ਨੂੰ ਜਰੂਰ ਸੂਚਿਤ ਕਰੇਗਾ, ਇਸ ਲਈ ਕੋਈ ਵੀ ਨਾਗਰਿਕ ਕਿਸੇ ਤਰ੍ਹਾਂ ਦੀ ਘਬਰਾਹਟ ਵਿੱਚ ਨਾ ਆਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਕੋਈ ਸੂਚਨਾ ਸਾਂਝੀ ਕਰਨ ਹੈ ਜਾਂ ਕੋਈ ਜਾਣਕਾਰੀ ਹਾਸਲ ਕਰਨੀ ਹੈ, ਉਹ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਸਥਾਪਤ ਕੀਤੇ ਗਏ ਕੰਟਰੋਲ ਰੂਮਜ, ਡਿਪਟੀ ਕਮਿਸ਼ਨਰ ਦਫ਼ਤਰ ਨੰਬਰ 0175-2350550 ਅਤੇ ਪੁਲਿਸ ਕੰਟਰੋਲ ਰੂਮ ਦੇ ਨੰਬਰਾਂ 98764-32100, 95929-17910 ਤੇ 95929-12500 ਉਪਰ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਉਪਰ ਕਿਸੇ ਵੀ ਤਰ੍ਹਾਂ ਦੀ ਫੈਲਦੀ ਅਫਵਾਹਾਂ ਆਦਿ ਦੀ ਨਿਗਰਾਨੀ ਲਈ ਜ਼ਿਲ੍ਹਾ ਪੁਲਿਸ ਦਾ ਸਾਇਬਰ ਸੈਲ ਮੁਸਤੈਦ ਹੈ ਅਤੇ ਜੇਕਰ ਕੋਈ ਅਜਿਹਾ ਕਰਦਾ ਸਾਹਮਣੇ ਆਇਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਉਹ ਪਟਿਆਲਾ ਇੰਡਸਟ੍ਰੀਜ਼ ਐਸੋਸੀਏਸ਼ਨ, ਮਾਰਕੀਟ ਐਸੋਸੀਏਸ਼ਨਾਂ, ਆਮ ਨਾਗਰਿਕਾਂ ਤੇ ਸਮਾਜ ਸੇਵੀ ਜਥੇਬੰਦੀਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ, ਜਿਨ੍ਹਾਂ ਨੇ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਮੁੜ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਉਪਰ ਭਰੋਸਾ ਕਰਨ ਤੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਉਪਰ ਯਕੀਨ ਨਾ ਕਰਨ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਆਪਣੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੰਜੀਦਾ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.