ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ 'ਡਾ. ਬਲਕਾਰ ਸਿੰਘ ਯਾਦਗਾਰੀ ਭਾਸ਼ਣ'
- by Jasbeer Singh
- November 6, 2024
ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ 'ਡਾ. ਬਲਕਾਰ ਸਿੰਘ ਯਾਦਗਾਰੀ ਭਾਸ਼ਣ' -'ਕਵਿਤਾ ਕਿਵੇਂ ਪੜ੍ਹੀਏ' ਵਿਸ਼ੇ ਉੱਤੇ ਕੀਤੀ ਗੱਲ ਪਟਿਆਲਾ, 6 ਨਵੰਬਰ : ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ 'ਡਾ. ਬਲਕਾਰ ਸਿੰਘ ਯਾਦਗਾਰੀ ਭਾਸ਼ਣ-ਲੜੀ' ਤਹਿਤ ਅੱਜ ਉੱਘੇ ਵਿਦਵਾਨ ਡਾ. ਆਤਮ ਸਿੰਘ ਰੰਧਾਵਾ ਦਾ ਭਾਸ਼ਣ ਕਰਵਾਇਆ ਗਿਆ। ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਦੇ ਪ੍ਰਧਾਨ ਡਾ. ਰੰਧਾਵਾ ਨੇ ਇਸ ਭਾਸ਼ਣ ਰਾਹੀਂ 'ਕਵਿਤਾ ਕਿਵੇਂ ਪੜ੍ਹੀਏ' ਵਿਸ਼ੇ ਉੱਤੇ ਗੱਲ ਕੀਤੀ। ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਉੱਘੇ ਕਵੀ ਸਵਰਨਜੀਤ ਸਵੀ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਅਤੇ ਉੱਘੇ ਕਵੀ ਜਸਵੰਤ ਜ਼ਫ਼ਰ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ । ਡਾ. ਆਤਮ ਸਿੰਘ ਰੰਧਾਵਾ ਨੇ ਆਪਣੇ ਵਿਸ਼ੇਸ਼ ਭਾਸ਼ਣ ਦੌਰਾਨ ਕਿਹਾ ਕਿ ਕਵਿਤਾ ਦੇ ਮਸਲੇ ਵਿੱਚ ਸੰਚਾਰ ਦੀ ਸਮੱਸਿਆ ਇਸ ਲਈ ਵੀ ਪੈਦਾ ਹੋ ਰਹੀ ਹੈ ਕਿ ਸਾਡੇ ਕੋਲ਼ ਸਮੇਂ ਦੇ ਨਾਲ਼ ਬਦਲ ਰਹੀ ਕਾਵਿ-ਭਾਸ਼ਾ ਵਿਚਲੇ ਕੋਡਾਂ ਨੂੰ ਸਮਝਣ ਦਾ ਅਭਿਆਸ ਨਹੀਂ ਰਿਹਾ । ਉਨ੍ਹਾਂ ਕਿਹਾ ਕਿ ਬਚਪਨ ਸਮੇਂ ਸੁਣੀਆਂ ਜਾਂਦੀਆਂ ਬੁਝਾਰਤਾਂ ਅਤੇ ਪਹੇਲੀਆਂ ਦਾ ਇਸ ਅਭਿਆਸ ਦੇ ਹਵਾਲੇ ਨਾਲ਼ ਵਿਸ਼ੇਸ਼ ਮਹੱਤਵ ਸੀ । ਉਨ੍ਹਾਂ ਆਪਣੇ ਭਾਸ਼ਣ ਦੌਰਾਨ ਕਵਿਤਾ ਦੇ ਮਾਮਲੇ ਵਿੱਚ ਮੁੱਖ ਤੌਰ ਉੱਤੇ ਤਿੰਨ ਪੱਖਾਂ ਤੋਂ ਗੱਲ ਕੀਤੀ। ਪਹਿਲਾ ਪੱਖ ਸੀ ਕਿ ਕਵਿਤਾ ਕੀ ਹੈ, ਦੂਜਾ ਪੱਖ ਇਹ ਕਿ ਕਵਿਤਾ ਨੂੰ ਹੁਣ ਤੱਕ ਕਿਹੜੀਆਂ ਵਿਧੀਆਂ ਅਤੇ ਕਿਹੜੇ ਦ੍ਰਿਸ਼ਟੀਕੋਣਾਂ ਜਾਂ ਕਸੌਟੀਆਂ ਨਾਲ਼ ਸਮਝਿਆ ਜਾਂਦਾ ਰਿਹਾ ਹੈ । ਤੀਜਾ ਇਹ ਕਿ ਅੱਜ ਦੇ ਸਮੇਂ ਵਿੱਚ ਕਵਿਤਾ ਨੂੰ ਕਿਸ ਤਰ੍ਹਾਂ ਸਮਝਿਆ ਜਾਣਾ ਚਾਹੀਦਾ ਹੈ । ਪ੍ਰਧਾਨਗੀ ਭਾਸ਼ਣ ਦੌਰਾਨ ਜਸਵੰਤ ਜ਼ਫ਼ਰ ਨੇ ਕਿਹਾ ਕਿ ਸਮੇਂ ਦੇ ਹਿਸਾਬ ਨਾਲ਼ ਬਦਲ ਰਹੇ ਕਾਵਿ-ਮੁਹਾਵਰੇ ਨਾਲ਼ ਪਾਠਕ ਦੀ ਪੜ੍ਹਨਯੋਗਤਾ ਦਾ ਵਿਗਸਣਾ ਵੀ ਜ਼ਰੂਰੀ ਹੈ । ਉਨ੍ਹਾਂ ਆਪਣੀ ਨਿੱਜੀ ਕਵਿਤਾ ਦੇ ਹਵਾਲੇ ਨਾਲ਼ ਕਿਹਾ ਕਿ ਸਾਡੇ ਆਸ ਪਾਸ ਤੈਰਦੇ ਅਹਿਸਸਾਾਂ ਨੂੰ ਸਪਸ਼ਟ ਕਰਨਾ ਹੀ ਉਨ੍ਹਾਂ ਦੀ ਕਵਿਤਾ ਦਾ ਮੁੱਖ ਏਜੰਡਾ ਹੈ । ਸਵਰਨਜੀਤ ਸਵੀ ਨੇ ਕਿਹਾ ਕਿ ਕਵਿਤਾ ਪੜ੍ਹਨਾ ਅਤੇ ਰਚਣਾ ਮੁੱਖ ਤੌਰ ਉੱਤੇ ਬੰਦੇ ਅੰਦਰਲੀ ਜਗਿਆਸਾ ਨੂੰ ਮੁਖਾਤਿਬ ਹੋਣਾ ਹੈ । ਉਨ੍ਹਾਂ ਇਸ ਮੌਕੇ ਆਪਣੀਆਂ ਰਚਨਾਵਾਂ ਵੀ ਸੁਣਾਈਆਂ । ਵਿਭਾਗ ਮੁਖੀ ਡਾ. ਗੁਰਮੁਖ ਸਿੰਘ ਨੇ ਡਾ. ਬਲਕਾਰ ਸਿੰਘ ਦੀ ਸ਼ਖ਼ਸੀਅਤ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਹ ਮਿਹਨਤੀ ਅਤੇ ਸਮਰੱਥਵਾਨ ਅਧਿਆਪਕ ਸਨ ਜਿਨ੍ਹਾਂ ਦੇ ਜਾਣ ਨਾਲ਼ ਪੰਜਾਬੀ ਅਦਬ ਨੂੰ ਪਿਆ ਘਾਟਾ ਹਮੇਸ਼ਾ ਰੜਕਦਾ ਰਹੇਗਾ । ਉਨ੍ਹਾਂ ਦੱਸਿਆ ਕਿ ਇਹ ਇਸ ਲੜੀ ਦਾ ਨੌਵਾਂ ਭਾਸ਼ਣ ਸੀ । ਪ੍ਰੋਗਰਾਮ ਦੇ ਧੰਨਵਾਦੀ ਸ਼ਬਦ ਡਾ. ਸੁਰਜੀਤ ਸਿੰਘ ਵੱਲੋਂ ਬੋਲੇ ਗਏ ਅਤੇ ਮੰਚ ਸੰਚਾਲਨ ਦਾ ਕਾਰਜ ਡਾ. ਰਾਜਵਿੰਦਰ ਸਿੰਘ ਨੇ ਕੀਤਾ ।
Related Post
Popular News
Hot Categories
Subscribe To Our Newsletter
No spam, notifications only about new products, updates.