
ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਗੰਡਾ ਸਿੰਘ ਯਾਦਗਾਰੀ ਭਾਸ਼ਣ ਕਰਵਾਇਆ
- by Jasbeer Singh
- February 20, 2025

ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਗੰਡਾ ਸਿੰਘ ਯਾਦਗਾਰੀ ਭਾਸ਼ਣ ਕਰਵਾਇਆ -ਸੂਫ਼ੀ ਕਾਵਿ ਦਾ ਮਾਨਵੀ ਕਦਰਾਂ ਕੀਮਤਾ ਪੈਦਾ ਕਰਨ ਵਿੱਚ ਮਹੱਤਵਪੂਰਨ ਯੋਗਦਾਨ : ਡਾ. ਸੁਰਿੰਦਰ ਸਿੰਘ -ਲਾਲ ਸ਼ਾਹਬਾਜ ਕਲੰਦਰ ਦੇ ਹਵਾਲੇ ਨਾਲ ਸੂਫ਼ੀ ਕਾਵਿ ਉੱਤੇ ਚਰਚਾ ਪਟਿਆਲਾ, 20 ਫਰਵਰੀ : ਉੱਘੇ ਇਤਿਹਾਸਕਾਰ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਸੂਫ਼ੀ ਕਾਵਿ ਨੇ ਮਨੁੱਖ ਵਿੱਚ ਉੱਚ ਕਦਰਾਂ ਕੀਮਤਾਂ ਪੈਦਾ ਕਰਨ ਲਈ ਮਹੱਤਵਪੂਰਨ ਯੋਗਦਾਨ ਦਿੱਤਾ ਹੈ । ਉਹ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵੱਲੋਂ ਕਰਵਾਏ ਗਏ 'ਡਾ. ਗੰਡਾ ਸਿੰਘ ਯਾਦਗਾਰੀ ਭਾਸ਼ਣ' ਦੌਰਾਨ ਆਪਣੇ ਵਿਚਾਰ ਪ੍ਰਗਟ ਕਰ ਰਹੇ ਸਨ। ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਹੋਏ ਇਸ ਭਾਸ਼ਣ ਦੌਰਾਨ ਬੋਲਦਿਆਂ ਉਨ੍ਹਾਂ ਤੇਹਰਵੀਂ ਸਦੀ ਵਿੱਚ ਲਾਲ ਸ਼ਾਹਬਾਜ ਕਲੰਦਰ ਦੀਆਂ ਰਚਨਾਵਾਂ ਦੇ ਅਧਾਰ ਉੱਤੇ ਸੂਫੀਵਾਦ ਦੇ ਵਿਕਾਸ ਬਾਰੇ ਵਿਸਥਾਰ ਵਿੱਚ ਗੱਲ ਕੀਤੀ । ਉਨ੍ਹਾਂ ਆਪਣੇ ਭਾਸ਼ਣ ਵਿੱਚ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਸੂਫ਼ੀ ਕਾਵਿ ਵਿੱਚ ਮਨੁੱਖੀ ਕਦਰਾਂ ਕੀਮਤਾਂ ਨੂੰ ਹਮੇਸ਼ਾ ਹੀ ਉਚਿਆਇਆ ਗਿਆ ਹੈ । ਪ੍ਰੋਫੈਸਰ ਸੁਰਿੰਦਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਤੇਰ੍ਹਵੀਂ ਸਦੀ ਦੇ ਗੁੰਝਲਦਾਰ ਅਧਿਆਤਮਿਕ ਦ੍ਰਿਸ਼ ਦੀ ਪੜਚੋਲ ਕੀਤੀ, ਜਿਸ ਵਿੱਚ ਖਾਸ ਤੌਰ 'ਤੇ ਪੰਜਾਬੀ ਰਹੱਸਵਾਦ ਵਿੱਚ ਇੱਕ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸ਼ਖਸੀਅਤ ਲਾਲ ਸ਼ਾਹਬਾਜ਼ ਕਲੰਦਰ ਦੇ ਡੂੰਘੇ ਯੋਗਦਾਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ । ਜ਼ਿਕਰਯੋਗ ਹੈ ਕਿ ਲਾਲ ਸ਼ਾਹਬਾਜ਼ ਕਲੰਦਰ, ਜੋ ਕਿ ਸ਼ੇਖ ਫਰੀਦ ਦੇ ਸਮਕਾਲੀ ਸਨ, ਮੁੱਖ ਤੌਰ 'ਤੇ ਮੁਲਤਾਨ ਦੇ ਖੇਤਰ ਵਿੱਚ ਰਹਿੰਦੇ ਸਨ, ਜੋ ਕਿ ਸੱਭਿਆਚਾਰਕ ਅਤੇ ਅਧਿਆਤਮਿਕ ਆਦਾਨ-ਪ੍ਰਦਾਨ ਦਾ ਇੱਕ ਇਤਿਹਾਸਕ ਕੇਂਦਰ ਸੀ । ਡਾ. ਸਿੰਘ ਨੇ ਦੱਸਿਅਸਾ ਕਿ ਆਪਣੇ ਜੀਵਨ ਦੌਰਾਨ, ਉਨ੍ਹਾਂ ਕੁੱਲ 42 ਗ਼ਜ਼ਲਾਂ ਦੀ ਰਚਨਾ ਕੀਤੀ । ਉਨ੍ਹਾਂ ਦੱਸਿਆ ਕਿ ਲਾਲ ਸ਼ਾਹਬਾਜ਼ ਕਲੰਦਰ ਦੀਆਂ ਗ਼ਜ਼ਲਾਂ ਦਾ ਸਾਰ ਪਰਮਾਤਮਾ ਦੀ ਅਸਲ ਹੋਂਦ ਦੇ ਕੇਂਦਰੀ ਵਿਸ਼ੇ ਦੁਆਲੇ ਘੁੰਮਦਾ ਹੈ, ਪ੍ਰੋਫੈਸਰ ਸੁਰਿੰਦਰ ਸਿੰਘ ਨੇ ਲਾਲ ਸ਼ਾਹਬਾਜ਼ ਕਲੰਦਰ ਦੁਆਰਾ ਆਪਣੀਆਂ ਰਚਨਾਵਾਂ ਵਿੱਚ, ਖਾਸ ਕਰਕੇ ਕੁਰਾਨ ਦੀ ਵਿਆਖਿਆ ਵਿੱਚ ਅਪਣਾਈ ਗਈ ਸੂਖਮ ਪਹੁੰਚ 'ਤੇ ਜ਼ੋਰ ਦਿੱਤਾ । ਇਸ ਤੋਂ ਪਹਿਲਾਂ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਡਾ. ਦਲਜੀਤ ਸਿੰਘ ਨੇ ਮੁੱਖ ਬੁਲਾਰੇ ਡਾ. ਸੁਰਿੰਦਰ ਸਿੰਘ ਨਾਲ ਜਾਣ ਪਛਾਣ ਕਰਾਈ ਅਤੇ ਉਹਨਾਂ ਵੱਲੋਂ ਇਤਿਹਾਸ ਦੇ ਖੇਤਰ ਵਿੱਚ ਦਿੱਤੇ ਗਏ ਯੋਗਦਾਨ ਬਾਰੇ ਜਾਣਕਾਰੀ ਦਿੱਤੀ । ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੇ ਮੁਖੀ ਡਾ. ਸੰਦੀਪ ਕੌਰ ਨੇ 'ਡਾ. ਗੰਡਾ ਸਿੰਘ ਯਾਦਗਾਰ ਭਾਸ਼ਣ ਲੜੀ' ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਵਿਸ਼ੇ ਨਾਲ਼ ਜਾਣ ਪਛਾਣ ਕਰਾਈ । ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਇਸ ਭਾਸ਼ਣ ਲੜੀ ਨੂੰ ਜਾਰੀ ਰੱਖਿਆ ਜਾਵੇਗਾ । ਇਸ ਪ੍ਰੋਗਰਾਮ ਦੀ ਪ੍ਰਧਾਨਗੀ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੇ ਪ੍ਰੋਫੈਸਰ ਡਾ. ਇਦਰੀਸ ਮੁਹੰਮਦ ਨੇ ਕੀਤੀ । ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਇਸ ਕਦਮ ਦੀ ਸ਼ਲਾਘਾ ਕਰਦਿਆਂ ਇਸ ਭਾਸ਼ਾ ਲੜੀ ਤੇ ਇਤਿਹਾਸ ਸਬੰਧੀ ਹਵਾਲੇ ਨਾਲ ਆਪਣੀ ਗੱਲ ਕੀਤੀ ।