
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਡਾ. ਅੰਬੇਦਕਰ ਵਲੋਂ ਦਿੱਤੀ ਗਈ ਰਿਜ਼ਰਵੇਸ਼ਨ ਹੋਰ ਮਜਬੂਤ ਹੋਵੇਗੀ : ਪ੍ਰਨੀਤ ਕੌਰ
- by Jasbeer Singh
- April 30, 2024

ਪਟਿਆਲਾ, 30 ਅਪ੍ਰੈਲ (ਜਸਬੀਰ)-ਲੋਕ ਸਭਾ ਹਲਕਾ ਪਟਿਆਲਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਐਮ. ਪੀ. ਪ੍ਰਨੀਤ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਵਲੋਂ ਦਿਖਾਏ ਗਏ ਰਸਤੇ ਅਨੁਸਾਰ ਸ਼ਾਸ਼ਨ ਚਲਾ ਰਹੇ ਹਨ। ਪਿਛਲੇ 10 ਸਾਲਾਂ ਦੇ ਮੋਦੀ ਸਰਕਾਰ ਦੇ ਰਾਜ ਵਿਚ ਸੰਵਿਧਾਨ ਹੋਰ ਮਜਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੂਰੇ ਦੇਸ਼ ਵਿਚ ਆਪਣੀ ਦੁਰਦਸ਼ਾ ਤੋਂ ਬੁਖਲਾ ਗਈ ਹੈ। ਇਸੇ ਕਾਰਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਜਾਅਲੀ ਵੀਡੀਓ ਤਿਆਰ ਕਰਕੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀਆਂ ਗਈਆਂ ਹਨ। ਕਾਂਗਰਸ ਦੇ ਇਸ ਕੁਕਰਮ ਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਵਲੋਂ ਦਿੱਤੀ ਗਈ ਰਿਜ਼ਰਵੇਸ਼ਨ ਮੋਦੀ ਸਰਕਾਰ ਦੇ ਰਾਜ ਵਿਚ ਹੋਰ ਮਜਬੂਤ ਹੋ ਰਹੀ ਹੈ। ਕਾਂਗਰਸ ਪਾਰਟੀ ਡਾ. ਅੰਬੇਦਕਰ ਵਲੋਂ ਦਿੱਤੀ ਗਈ ਰਿਜ਼ਰਵੇਸ਼ਨ ਨੂੰ ਉਨ੍ਹਾਂ ਸਟੇਟਾਂ ਵਿਚ ਘਟਾ ਰਹੀ ਹੈ, ਜਿਨ੍ਹਾਂ ਵਿਚ ਕਾਂਗਰਸ ਦੀਆਂ ਸਰਕਾਰਾਂ ਹਨ। ਆਂਧਰਾ ਅਤੇ ਤੇਲੰਗਾਨਾ ਵਿਚ ਦਲਿਤਾਂ ਅਤੇ ਪੱਛੜਿਆਂ ਦੇ ਰਿਜ਼ਰਵੇਸ਼ਨ ਨੂੰ ਘਟਾ ਕੇ ਧਰਮ ਦੇ ਆਧਾਰ ’ਤੇ ਹੋਰ ਲੋਕਾਂ ਨੂੰ ਰਿਜ਼ਰਵੇਸ਼ਨ ਦਿੱਤੀ ਗਈ ਹੈ ਜੋ ਕਿ ਸੰਵਿਧਾਨ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੇ ਹੁੰਦੇ ਹੋਏ ਰਿਜ਼ਰਵੇਸ਼ਨ ਨੂੰ ਕੋਈ ਖਤਮ ਨਹੀਂ ਕਰ ਸਕਦਾ।