

ਭੁਪਾਲ ’ਚੋਂ 1814 ਕਰੋੜ ਰੁਪਏ ਮੁੱਲ ਦੀ ਨਸ਼ਾ ਸਮੱਗਰੀ ਬਰਾਮਦ ਅਹਿਮਦਾਬਾਦ : ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸਾਂਘਵੀ ਨੇ ਕਿਹਾ ਕਿ ਇਕ ਸਾਂਝੀ ਮੁਹਿੰਮ ਤਹਿਤ ਅਧਿਕਾਰੀਆਂ ਨੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੁਪਾਲ ਦੀ ਫੈਕਟਰੀ ’ਚੋਂ ਐੱਮਡੀ ਡਰੱਗ ਅਤੇ ਉਸ ਨੂੰ ਬਣਾਉਣ ਵਾਲੀ 1,814 ਕਰੋੜ ਰੁਪਏ ਮੁੱਲ ਦੀ ਸਮੱਗਰੀ ਬਰਾਮਦ ਕੀਤੀ ਹੈ। ਜਾਂਚ ਏਜੰਸੀ ਨੇ ਇਸ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ‘ਐਕਸ’ ’ਤੇ ਇਕ ਪੋਸਟ ਪਾ ਕੇ ਦੱਸਿਆ ਕਿ ਗੁਜਰਾਤ ਅਤਿਵਾਦੀ ਵਿਰੋਧੀ ਦਸਤੇ (ਏਟੀਐੱਸ) ਅਤੇ ਨਾਰਕੋਟਿਕਸ ਕੰਟਰੋਲ ਬਿਊਰੋ, ਦਿੱਲੀ ਵੱਲੋਂ ਸਾਂਝੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨਸ਼ਿਆਂ ਖ਼ਿਲਾਫ਼ ਮੁਕਾਬਲੇ ’ਚ ਵੱਡੀ ਪ੍ਰਾਪਤੀ ਲਈ ਗੁਜਰਾਤ ਏਟੀਐੱਸ ਅਤੇ ਐੱਨਸੀਬੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਦੀ ਸਿਹਤ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਸਾਂਝੀਆਂ ਕੋਸ਼ਿਸ਼ਾਂ ਅਹਿਮ ਹਨ। ਮੰਤਰੀ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਸਮਰਪਣ ਭਾਵਨਾ ਸ਼ਲਾਘਾਯੋਗ ਹੈ ।