
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਯਤਨਾਂ ਸਦਕਾ ਹਲਕਾ ਦਿੜ੍ਹਬਾ ਨੂੰ ਮਿਲੇ ਤਿੰਨ ਖੇਡ ਕੋਚ
- by Jasbeer Singh
- June 23, 2025

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਯਤਨਾਂ ਸਦਕਾ ਹਲਕਾ ਦਿੜ੍ਹਬਾ ਨੂੰ ਮਿਲੇ ਤਿੰਨ ਖੇਡ ਕੋਚ - ਖੇਡਾਂ ਦੇ ਮਿਆਰ ਨੂੰ ਉੱਪਰ ਚੁੱਕਣ ਦੇ ਲਈ ਪਿੰਡਾਂ ਵਿੱਚ ਬਣਾਈਆਂ ਜਾ ਰਹੀਆਂ ਖੇਡ ਨਰਸਰੀਆਂ - ਹਰਪਾਲ ਸਿੰਘ ਚੀਮਾ - ਕਿਹਾ! ਅੰਤਰਰਾਸ਼ਟਰੀ ਪੱਧਰ ਉੱਤੇ ਖੇਡਾਂ ਵਿੱਚ ਪੰਜਾਬ ਕਰੇਗਾ ਦੇਸ਼ ਦੀ ਅਗਵਾਈ ਦਿੜ੍ਹਬਾ, 23 ਜੂਨ : ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਦੇ ਸੁਹਿਰਦ ਯਤਨਾਂ ਸਦਕਾ ਹਲਕਾ ਦਿੜ੍ਹਬਾ ਵਿੱਚ ਪੰਜਾਬ ਸਰਕਾਰ ਵੱਲੋਂ ਤਿੰਨ ਖੇਡ ਕੋਚ ਨਿਯੁਕਤ ਕੀਤੇ ਗਏ ਹਨ। ਇਹ ਖੇਡ ਕੋਚ ਹਲਕੇ ਦੇ ਨੌਜਵਾਨਾਂ ਨੂੰ ਵੱਖ ਵੱਖ ਖੇਡਾਂ ਦੀ ਸਿਖਲਾਈ ਦੇਣਗੇ ਉਥੇ ਹੀ ਸਿਹਤਮੰਦ ਅਤੇ ਨਿਰੋਗ ਜੀਵਨ ਜੀਣ ਲਈ ਸੇਧ ਵੀ ਮੁਹਈਆ ਕਰਵਾਉਣਗੇ। ਇਹਨਾਂ ਕੋਚਾਂ ਨੇ ਅੱਜ ਸ੍ਰ ਹਰਪਾਲ ਸਿੰਘ ਚੀਮਾ ਦੀ ਹਾਜ਼ਰੀ ਵਿੱਚ ਆਪਣੀ ਡਿਊਟੀ ਸੰਭਾਲ ਲਈ। ਅੱਜ ਪਿੰਡ ਛਾਹੜ੍ਹ ਦੇ ਖੇਡ ਸਟੇਡੀਅਮ ਵਿਖੇ ਇਹਨਾਂ ਕੋਚਾਂ ਨੂੰ ਖਿਡਾਰੀਆਂ ਦੇ ਰੂਬਰੂ ਕਰਦਿਆਂ ਸ੍ਰ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਵਿੱਚ ਖੇਡਾਂ ਦੇ ਮਿਆਰ ਨੂੰ ਉੱਪਰ ਚੁੱਕਣ ਦੇ ਲਈ ਖੇਡ ਨਰਸਰੀਆਂ ਪਿੰਡਾਂ ਵਿੱਚ ਬਣਾਈਆਂ ਜਾ ਰਹੀਆਂ ਹਨ। ਇਹਨਾਂ ਨਰਸਰੀਆਂ ਦੇ ਤਹਿਤ ਹਲਕਾ ਦਿੜ੍ਹਬਾ ਦੇ ਪਿੰਡ ਕੋਹਰੀਆਂ, ਛਾਹੜ ਅਤੇ ਦਿੜ੍ਹਬਾ ਵਿਖੇ ਵੱਖ-ਵੱਖ ਤਿੰਨ ਖੇਡਾਂ ਦੇ ਕੋਚ ਤਾਇਨਾਤ ਕੀਤੇ ਗਏ ਹਨ। ਦਿੜ੍ਹਬਾ ਵਿਖੇ ਸੁਖਵਿੰਦਰ ਕੌਰ ਕਬੱਡੀ ਕੋਚ, ਕੋਹਰੀਆਂ ਵਿਖੇ ਸਤਜਿੰਦਰ ਕੌਰ ਵਾਲੀਵਾਲ ਕੋਚ ਅਤੇ ਛਾਹੜ ਵਿਖੇ ਸੂਰਜ ਕੁਮਾਰ ਫੁਟਬਾਲ ਕੋਚ ਦੀ ਨਿਯੁਕਤੀ ਹੋਈ ਹੈ। ਹਰਪਾਲ ਸਿੰਘ ਚੀਮਾ ਨੇ ਇਹਨਾਂ ਕੋਚਾਂ ਨੂੰ ਵਧਾਈਆਂ ਦਿੰਦਿਆਂ ਆਦੇਸ਼ ਦਿੱਤੇ ਗਏ ਕਿ ਪਿੰਡਾਂ ਵਿੱਚ ਵੱਧ ਤੋਂ ਵੱਧ ਯੂਥ ਨੂੰ ਗਰਾਊਂਡਾਂ ਨਾਲ ਜੋੜ ਕੇ ਪੰਜਾਬ ਵਿੱਚ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਿਆ ਜਾਵੇ। ਉਹਨਾਂ ਕਿਹਾ ਕਿ ਹੁਣ ਉਹ ਸਮਾਂ ਦੂਰ ਨਹੀਂ, ਜਦੋਂ ਪੰਜਾਬ ਦੇ ਪਿੰਡਾਂ ਵਿਚੋਂ ਨਿਕਲ ਕੇ ਨੌਜਵਾਨ ਮੁੰਡੇ ਕੁੜੀਆਂ ਅੰਤਰਰਾਸ਼ਟਰੀ ਪੱਧਰ ਉੱਤੇ ਦੇਸ਼ ਦੀ ਅਗਵਾਈ ਕਰਨਗੇ ਅਤੇ ਨਾਮਣਾ ਖੱਟਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਦੂਰ ਕਰਕੇ ਖੇਡਾਂ ਨਾਲ ਜੋੜਨ ਲਈ ਜਿੱਥੇ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਵਾਈਆਂ ਗਈਆਂ ਹਨ ਉਥੇ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਨਾਮ ਚਮਕਾਉਣ ਵਾਲੇ ਖਿਡਾਰੀਆਂ ਨੂੰ ਨੌਕਰੀਆਂ ਅਤੇ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਭਵਿੱਖ ਬਹੁਤ ਹੀ ਸੁਨਹਿਰਾ ਹੈ। ਉਹਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀਆਂ ਯੋਜਨਾਵਾਂ ਦਾ ਲਾਭ ਲੈਣ। ਇਸ ਮੌਕੇ ਉਹਨਾਂ ਨਾਲ ਨਗਰ ਸੁਧਾਰ ਟਰੱਸਟ ਸੰਗਰੂਰ ਦੇ ਚੇਅਰਮੈਨ ਹਰਪ੍ਰੀਤ ਸਿੰਘ ਪੀਤੂ, ਓ ਐਸ ਡੀ ਸ੍ਰ ਤਪਿੰਦਰ ਸਿੰਘ ਸੋਹੀ, ਜ਼ਿਲ੍ਹਾ ਖੇਡ ਅਫ਼ਸਰ ਸ੍ਰ ਨਵਦੀਪ ਸਿੰਘ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਤੇ ਖਿਡਾਰੀ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.