ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਲਹਿਰਾਉਣਗੇ ਪਟਿਆਲਾ ਵਿਖੇ ਤਿਰੰਗਾ ਝੰਡਾ
- by Jasbeer Singh
- January 20, 2026
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਲਹਿਰਾਉਣਗੇ ਪਟਿਆਲਾ ਵਿਖੇ ਤਿਰੰਗਾ ਝੰਡਾ -77ਵੇਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਸਬੰਧੀਂ ਡਿਪਟੀ ਕਮਿਸ਼ਨਰ ਵਲੋਂ ਮੀਟਿੰਗ ਪਟਿਆਲਾ, 20 ਜਨਵਰੀ 2026 : ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਤੇ ਭਾਸ਼ਾਵਾਂ, ਸਕੂਲ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਪੋਲੋ ਗਰਾਊਂਡ, ਪਟਿਆਲਾ ਵਿਖੇ ਦੇਸ਼ ਦਾ ਕੌਮੀ ਝੰਡਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ।'' ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਦੌਰਾਨ ਕੈਬਨਿਟ ਮੰਤਰੀ ਸ. ਬੈਂਸ ਪੰਜਾਬ ਵਾਸੀਆਂ ਦੇ ਨਾਮ ਸੰਦੇਸ਼ ਦੇਣਗੇ ਅਤੇ ਪਰੇਡ ਤੋਂ ਸਲਾਮੀ ਵੀ ਲੈਣਗੇ। ਇੱਥੇ ਪੋਲੋ ਗਰਾਊਂਡ ਵਿਖੇ ਗਣਤੰਤਰ ਦਿਵਸ ਮਨਾਉਣ ਸਬੰਧੀਂ ਤਿਆਰੀਆਂ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਕਾਰਜਾਂ ਲਈ ਤਾਇਨਾਤ ਜ਼ਿਲ੍ਹਾ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਸਮਾਗਮ ਦੀਆਂ ਤਿਆਰੀਆਂ ਲਈ ਸਮੁੱਚੇ ਪ੍ਰਬੰਧ ਸੁਚਾਰੂ ਢੰਗ ਨਾਲ ਸਮੇਂ ਸਿਰ ਨੇਪਰੇ ਚੜ੍ਹਾਏ ਜਾਣ। ਉਨ੍ਹਾਂ ਹਦਾਇਤ ਕੀਤੀ ਕਿ ਕੌਮੀ ਦਿਹਾੜੇ ਦੇ ਇਸ ਅਹਿਮ ਸਮਾਗਮ ਦੇ ਪ੍ਰਬੰਧਾਂ 'ਚ ਕੋਈ ਅਣਗਹਿਲੀ ਨਾ ਵਰਤੀ ਜਾਵੇ ਅਤੇ ਵਿਭਾਗਾਂ ਦੇ ਮੁਖੀ ਸਮੁਚੇ ਪ੍ਰਬੰਧਾਂ ਦੀ ਨਿਗਰਾਨੀ ਖ਼ੁਦ ਕਰਨੀ ਯਕੀਨੀ ਬਣਾਉਣ । ਡਾ. ਪ੍ਰੀਤੀ ਯਾਦਵ ਨੇ ਸਮਾਗਮ ਸਮੇਂ ਕਰਵਾਈ ਜਾਣ ਵਾਲੀ ਪਰੇਡ, ਮਾਰਚ ਪਾਸਟ, ਝਾਕੀਆਂ, ਸੱਭਿਆਚਾਰਕ ਪ੍ਰੋਗਰਾਮ, ਗਿੱਧਾ, ਭੰਗੜਾ, ਲੋੜਵੰਦਾਂ ਨੂੰ ਟਰਾਈਸਾਇਕਲ ਤੇ ਸਿਲਾਈ ਮਸ਼ੀਨਾਂ ਦੀ ਵੰਡ ਅਤੇ ਸਨਮਾਨ ਦੀ ਰਸਮ ਸਮੇਤ ਹੋਰ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸਮਾਗਮ ਦੀ ਕਰਵਾਈ ਜਾ ਰਹੀ ਰਿਹਰਸਲ ਦਾ ਵੀ ਨਿਰੀਖਣ ਕੀਤਾ । ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਸਵੇਰੇ 9:58 ਵਜੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਾਲ ਸਮਾਗਮ ਅਰੰਭ ਹੋਵੇਗਾ ਤੇ ਇਸ ਦੌਰਾਨ ਜ਼ਿਲ੍ਹੇ ਦੇ ਸੁਤੰਤਰਤਾ ਸੰਗਰਾਮੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਵੀਰ ਨਾਰੀਆਂ ਦਾ ਵੀ ਸਨਮਾਨ ਕੀਤਾ ਜਾਵੇਗਾ। ਮੀਟਿੰਗ ਦੌਰਾਨ ਏ.ਡੀ.ਸੀ. (ਜ) ਸਿਮਰਪ੍ਰੀਤ ਕੌਰ, ਐਸ.ਪੀ. ਪਲਵਿੰਦਰ ਸਿੰਘ ਚੀਮਾ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ, ਐਸ.ਡੀ.ਐਮ ਹਰਜੋਤ ਕੌਰ ਮਾਵੀ, ਮੁੱਖ ਮੰਤਰੀ ਫੀਲਡ ਅਫ਼ਸਰ ਸਤੀਸ਼ ਕੁਮਾਰ ਸਮੇਤ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ ।
