

ਰਾਸ਼ਟਰੀ ਨੇਤਰ ਜਯੋਤੀ ਅਭਿਆਨ ਤਹਿਤ ਜ਼ਿਲ੍ਹਾ ਪਟਿਆਲਾ ਨੂੰ ਮੋਤੀਆ ਮੁਕਤ ਕਰਨ ਲਈ ਸਿਵਲ ਸਰਜਨ ਡਾ. ਸੰਜੇ ਗੋਇਲ ਅਤੇ ਜ਼ਿਲ੍ਹਾ ਪੋ੍ਗਰਾਮ ਅਫਸਰ ਰਾਸ਼ਟਰੀ ਪੋ੍ਗਰਾਮ ਫਾਰ ਕੰਟਰੋਲ ਆਫ ਬਲਾਈਂਡਨੈਸ ਡਾ. ਐਸਜੇ ਸਿੰਘ ਵੱਲੋਂ ਜ਼ਿਲ੍ਹੇ ਦੇ ਅਪਥਾਲਮਿਕ ਅਫਸਰਾਂ ਦੀ ਮੀਟਿੰਗ ਕੀਤੀ ਗਈ। ਜਿਸ 'ਚ ਵੱਖ-ਵੱਖ ਸਿਹਤ ਸੰਸਥਾਂਵਾਂ ਤੋਂ ਆਏ ਅਪਥਾਲਮਿਕ ਅਫਸਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ਕਰਦੇ ਹੋਏੇ ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਕਿਹਾ ਕਿ ਰਾਸ਼ਟਰੀ ਨੇਤਰ ਜਯੋਤੀ ਅਭਿਆਨ ਤਹਿਤ ਜ਼ਿਲ੍ਹਾ ਪਟਿਆਲਾ ਨੂੰ ਮੋਤੀਆ ਮੁਕਤ ਕਰਨ ਦਾ ਜੋ ਅਭਿਆਨ ਚਲ ਰਿਹਾ ਹੈ, ਉਸ ਤਹਿਤ 50 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਵਿਅਕਤੀਆਂ ਦੀ ਮੋਤੀਆਬਿੰਦ ਸਬੰਧੀ ਸਕਰੀਨਿੰਗ ਕੀਤੀ ਜਾ ਰਹੀ ਅਤੇ ਮੋਤੀਆਬਿੰਦ ਦੇ ਅਪਰੇਸ਼ਨ ਕੈਂਪ ਲਗਾ ਕੇ ਮੁੱਫਤ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੀਐਚਸੀ ਭਾਦਸੋਂ ਅਤੇ ਦੁੱਧਣ ਸਾਧਾਂ ਨੂੰ ਮੋਤੀਆ ਮੁੱਕਤ ਕੀਤਾ ਜਾ ਚੁੱਕਾ ਹੈ ਅਤੇ ਜ਼ਿਲ੍ਹੇ ਦੇ ਬਾਕੀ ਰਹਿੰਦੇ ਸਿਹਤ ਬਲਾਕਾਂ ਨੂੰ ਵੀ ਜਲਦੀ ਹੀ ਮੋਤੀਆ ਬੈਕਲਾਗ ਮੁਕਤ ਕਰਵਾਏ ਜਾਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਡਾ. ਐਸਜੇ ਸਿੰਘ ਵੱਲੋਂ ਬਾਕੀ ਦੇ ਸਿਹਤ ਬਲਾਕਾਂ ਦੇ ਸਬੰਧਤ ਅਪਥਾਲਮਿਕ ਅਫਸਰਾਂ ਨੂੰ 50 ਸਾਲ ਤੋਂ ਵੱਧ ਉਮਰ ਦੇ ਸਾਰੇ ਯੋਗ ਨਾਗਰਿਕਾਂ ਦੇ ਮੋਤੀਆਬਿੰਦ ਦੇ ਅਪਰੇਸ਼ਨ ਕਰਵਾਉਣੇ ਯਕੀਨੀ ਬਣਾਉਣ ਅਤੇ ਨੇੜੇ ਦੀ ਬਹੁਤ ਘੱਟ ਨਿਗਾਹ ਵਾਲੇ ਮਰੀਜ਼ਾਂ ਦੀ ਲਿਸਟ ਭੇਜਣ ਲਈ ਕਿਹਾ ਤਾਂ ਜੋ ਮੁੱਫਤ ਨਜ਼ਦੀਕ ਦੀਆਂ ਐਨਕਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਸਾਰੇ ਅਪਥਾਲਮਿਕ ਅਫਸਰਾਂ ਨੂੰ ਹਦਾਇਤ ਕੀਤੀ ਕਿ ਸਾਰੇ ਸਕੂਲਾਂ ਦੇ ਬੱਚਿਆਂ ਦੀ ਨਿਗਾਹ ਚੈਕ ਕਰ ਕੇ ਘੱਟ ਨਿਗਾਹ ਵਾਲੇ ਸਾਰੇ ਬੱਚਿਆਂ ਨੂੰ ਐਨਕਾਂ ਦੀ ਵੰਡ ਯਕੀਨੀ ਬਣਾਈ ਜਾਵੇ ਅਤੇ ਇਸ ਪੋ੍ਗਰਾਮ ਵਿੱਚ ਸਾਰੀਆਂ ਐਨਜੀਓਜ਼, ਆਸ਼ਾ, ਏਐਨਐਮਜ਼ ਦੀ ਸ਼ਮੂਲੀਅਤ ਵੀ ਕਰਵਾਈ ਜਾਵੇ।