
ਪੰਜਾਬੀ ਯੂਨੀਵਰਸਿਟੀ ਵਿਖੇ ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵੱਲੋਂ ਕੌਮੀ ਸਿੱਖਿਆ ਨੀਤੀ ਬਾਰੇ ਅੱਠ-ਦਿਨਾ ਓਰੀਐਂਟੇਸ਼ਨ
- by Jasbeer Singh
- November 5, 2024

ਪੰਜਾਬੀ ਯੂਨੀਵਰਸਿਟੀ ਵਿਖੇ ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵੱਲੋਂ ਕੌਮੀ ਸਿੱਖਿਆ ਨੀਤੀ ਬਾਰੇ ਅੱਠ-ਦਿਨਾ ਓਰੀਐਂਟੇਸ਼ਨ ਪ੍ਰੋਗਰਾਮ ਸ਼ੁਰੂ ਪਟਿਆਲਾ, 5 ਨਵੰਬਰ : ਪੰਜਾਬੀ ਯੂਨੀਵਰਸਿਟੀ ਵਿਖੇ ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵੱਲੋਂ ਕੌਮੀ ਸਿੱਖਿਆ ਪ੍ਰੋਗਰਾਮ ਬਾਰੇ ਅੱਠ-ਦਿਨਾ ਓਰੀਐਂਟੇਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਦੱਸਿਆ ਕਿ ਯੂ. ਜੀ. ਸੀ.-ਐੱਮ. ਐੱਚ. ਆਰ. ਡੀ. ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਯੋਜਿਤ ਇਹ ਪ੍ਰੋਗਰਾਮ ਆਨਲਾਈਨ ਮੋਡ ਰਾਹੀਂ ਕਰਵਾਇਆ ਜਾ ਰਿਹਾ ਹੈ ਜੋ ਕਿ 14 ਨਵੰਬਰ ਤੱਕ ਜਾਰੀ ਰਹੇਗਾ । ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਨੂੰ ਅਕਾਦਮਿਕ ਉੱਤਮਤਾ, ਪ੍ਰਭਾਵਸ਼ਾਲੀ ਪੇਸ਼ੇਵਰ ਪ੍ਰਦਰਸ਼ਨ ਅਤੇ ਰਾਸ਼ਟਰੀ ਪੁਨਰ ਨਿਰਮਾਣ ਦੇ ਕੰਮ ਵਿੱਚ ਬਿਹਤਰ ਬਣਾਉਂਦਿਆਂ ਸਰਗਰਮ ਸ਼ਮੂਲੀਅਤ ਸਹਿਤ ਰਾਸ਼ਟਰੀ ਸਿੱਖਿਆ ਨੀਤੀ ਲਈ ਤਿਆਰ ਕਰਨਾ ਹੈ । ਡੀਨ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸੈਣੀ, ਜੋ ਪ੍ਰੋਗਰਾਮ ਦੇ ਸ਼ੁਰੂਆਤੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਨੇ ਆਪਣੇ ਭਾਸ਼ਣ ਦੌਰਾਨ ਇਸ ਪ੍ਰੋਗਰਾਮ ਦੇ ਮਹੱਤਵ ਬਾਰੇ ਗੱਲ ਕੀਤੀ । ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਐੱਨ. ਈ. ਪੀ. 2020 ਦੇ ਸੰਪੂਰਨ ਢਾਂਚੇ ਨੂੰ ਸਮਝਣ ਲਈ ਇਨ੍ਹਾਂ ਇਸ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ । ਅਜਿਹੀ ਸ਼ਮੂਲੀਅਤ ਨਾਲ਼ ਅਧਿਆਪਕ ਕੌਮੀ ਸਿੱਖਿਆ ਪ੍ਰੋਗਰਾਮ ਬਾਰੇ ਜਾਗਰੂਕਤਾ ਪ੍ਰਾਪਤ ਕਰ ਸਕਦੇ ਹਨ ਅਤੇ ਇਸ ਦੇ ਵੱਖ-ਵੱਖ ਪੱਖਾਂ ਬਾਰੇ ਜਾਣ ਸਕਦੇ ਹਨ । ਜ਼ਿਕਰਯੋਗ ਹੈ ਕਿ ਇਸ ਓਰੀਐਂਟੇਸ਼ਨ ਪ੍ਰੋਗਰਾਮ ਦੇ ਕੋਰਸ ਕੋਆਰਡੀਨੇਟਰ ਦੀ ਭੂਮਿਕਾ ਗਣਿਤ ਵਿਸ਼ੇ ਦੇ ਅਧਿਆਪਕ ਡਾ. ਪਰਵੀਨ ਲਤਾ ਅਤੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਅਧਿਆਪਕ ਡਾ. ਨਵਜੋਤ ਕੌਰ ਨਿਭਾ ਰਹੇ ਹਨ । ਡਾ. ਪਰਵੀਨ ਲਤਾ ਨੇ ਕੌਮੀ ਸਿੱਖਿਆ ਨੀਤੀ ਅਤੇ ਇਸ ਨਾਲ਼ ਸੰਬੰਧਤ ਓਰੀਐਂਟੇਸ਼ਨ ਪ੍ਰੋਗਰਾਮ ਬਾਰੇ ਜਾਣ ਪਹਿਚਾਣ ਕਰਵਾਈ । ਧੰਨਵਾਦੀ ਭਾਸ਼ਣ ਡਾ. ਨਵਜੋਤ ਕੌਰ ਨੇ ਦਿੱਤਾ ।