ਭਰਾਵਾਂ ਦੀ ਆਪਸੀ ਤਕਰਾਰ ਕਾਰਨ ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ
- by Jasbeer Singh
- January 21, 2026
ਭਰਾਵਾਂ ਦੀ ਆਪਸੀ ਤਕਰਾਰ ਕਾਰਨ ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ ਨਾਭਾ (ਪਟਿਆਲਾ), 21 ਜਨਵਰੀ 2026 : ਜਿ਼ਲਾ ਪਟਿਆਲਾ ਅਧੀਨ ਪੈਂਦੇ ਸ਼ਹਿਰ ਨਾਭਾ ਦੇ ਪਿੰਡ ਜੱਸੋਮਾਜਰਾ ਵਿਖੇ ਇਕ ਭਰਾ ਵਲੋਂ ਦੂਸਰੇ ਭਰਾ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੌਣ ਹੈ ਜਿਸ ਦਾ ਕਤਲ ਕਰ ਦਿੱਤਾ ਗਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਦਾ ਉਸਦੇ ਆਪਣੇ ਹੀ ਵੱਡੇ ਭਰਾ ਵਲੋਂ ਆਪਸੀ ਤਕਰਾਰਬਾਜੀ ਦੇ ਚਲਦਿਆਂ ਕਤਲ ਕਰ ਦਿੱਤਾ ਗਿਆ ਹੈ ਦਾ ਨਾਮ ਸੰਦੀਪ ਕੁਮਾਰ ਉਰਫ ਦੀਪੂ ਹੈ। ਕਤਲ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਭਾਦਸੋਂ ਪੁਲਿਸ ਵੱਲੋਂ ਮਾਪਿਆਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੀ ਦੱਸਿਆ ਮ੍ਰਿਤਕ ਨੌਜਵਾਨ ਦੀ ਮਾਤਾ ਤੇ ਪਿਤਾ ਨੇ ਆਪਣੇ ਹੀ ਛੋਟੇ ਸਪੁੱਤਰ ਦੀ ਹੱਤਿਆ ਵੱਡੇ ਸਪੁੱਤਰ ਵਲੋਂ ਕਰ ਦਿੱਤੇ ਜਾਣ ਤੇ ਮ੍ਰਿਤਕ ਸੰਦੀਪ ਕੁਮਾਰ ਦੀ ਮਾਤਾ ਦਰਸ਼ਨਾ ਦੇਵੀ ਅਤੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਡਾ ਛੋਟਾ ਬੇਟਾ ਵੱਡੇ ਭਰਾ ਦੇ ਘਰ ਗਿਆ ਸੀ ਅਤੇ ਉਥੇ ਹੀ ਉਸ ਦਾ ਕਤਲ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਸਾਡਾ ਵੱਡਾ ਬੇਟਾ ਭੱਜਿਆ ਆਇਆ ਕਿ ਸੰਦੀਪ ਨੂੰ ਕਿਸੇ ਨੇ ਮਾਰ ਦਿੱਤਾ ਹੈ ਪਰ ਸਾਨੂੰ ਉਸ ਦੀ ਗੱਲ ’ਤੇ ਬਿਲਕੁਲ ਵੀ ਯਕੀਨ ਨਹੀਂ ਹੋਇਆ ਕਿਉਂਕਿ ਸੰਦੀਪ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ, ਜਿਸ ਕਰਕੇ ਉਸ ਨੂੰ ਕਿਸੇ ਵੱਲੋਂ ਮਾਰ ਦਿੱਤਾ ਗਿਆ ਹੋਵੇ। ਮਾਪਿਆਂ ਨੇ ਦੱਸਿਆ ਕਿ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਸਾਡੇ ਹੀ ਵੱਡੇ ਪੁੱਤਰ ਨੇ ਹੀ ਸੰਦੀਪ ਨੂੰ ਮੌਤ ਦੇ ਘਾਟ ਉਤਾਰਿਆ ਹੈ। ਵੱਡਾ ਭਰਾ ਸੀ ਸ਼ਰਾਬ ਪੀਣ ਦਾ ਆਦੀ ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਜਿਸ ਵਿਅਕਤੀ ਨੇ ਆਪਣੇ ਹੀ ਛੋਟੇ ਭਰਾ ਨੂੰ ਮੌਤ ਦੇ ਘਾਟ ਉਤਾਰਿਆ ਹੈ ਦਾ ਨਾਮ ਪਰਵਿੰਦਰ ਸਿੰਘ ਹੈ ਤੇ ਉਹ ਸ਼ਰਾਬ ਪੀਣ ਦਾ ਆਦੀ ਸੀ ਤੇ ਹਮੇਸ਼ਾਂ ਹੀ ਲੜਾਈ ਝਗੜਾ ਕਰਦਾ ਹੀ ਰਹਿੰਦਾ ਸੀ । ਉਕਤ ਘਟਨਾਕ੍ਰਮ ਉਸ ਸਮੇਂ ਦੋਹਾਂ ਵਿਚ ਹੋਈ ਆਪਸੀ ਤਕਰਾਰਬਾਜੀ ਵਿਚ ਕਦੋਂ ਕਤਲ ਵਿਚ ਬਦਲ ਗਿਆ ਕੁੱਝ ਪਤਾ ਨਹੀਂ ਚੱਲਿਆ। ਹਾਲਾਂਕਿ ਸੰਦੀਪ ਤਾਂ ਆਪਣੇ ਵੱਡੇ ਭਰਾ ਦੇ ਘਰ ਗਿਆ ਹੋਇਆ ਸੀ। ਪੁਲਸ ਵਲੋਂ ਘਟਨਾਕ੍ਰਮ ਦੀ ਜਾਂਚ ਕੀਤੀ ਜਾ ਰਹੀ ਹੈ।
