
ਫ਼ਰਜ਼ੀ ਡਿਗਰੀਆਂ ਨਾਲ ਤਰੱਕੀਆਂ ਲੈਣ ਵਾਲੇ ਇੰਸਪੈਕਟਰਾਂ ਖਿ਼ਲਾਫ਼ ਕਾਰਵਾਈ ਕਰਨ ਦੀ ਤਿਆਰੀ ਵਿਚ ਹੈ ਐਕਸਾਈਜ਼ ਵਿਭਾਗ
- by Jasbeer Singh
- December 6, 2024

ਫ਼ਰਜ਼ੀ ਡਿਗਰੀਆਂ ਨਾਲ ਤਰੱਕੀਆਂ ਲੈਣ ਵਾਲੇ ਇੰਸਪੈਕਟਰਾਂ ਖਿ਼ਲਾਫ਼ ਕਾਰਵਾਈ ਕਰਨ ਦੀ ਤਿਆਰੀ ਵਿਚ ਹੈ ਐਕਸਾਈਜ਼ ਵਿਭਾਗ ਪਟਿਆਲਾ : ਐਕਸਾਈਜ਼ ਵਿਭਾਗ ਨੇ ਫ਼ਰਜ਼ੀ ਡਿਗਰੀਆਂ ਨਾਲ ਤਰੱਕੀਆਂ ਲੈਣ ਵਾਲੇ ਇੰਸਪੈਕਟਰਾਂ ਖਿ਼ਲਾਫ਼ ਕਾਰਵਾਈ ਦੀ ਤਿਆਰੀ ਕਰ ਲਈ ਹੈ । ਵਿਭਾਗ ਵੱਲੋਂ ਪਿਛਲੇ ਦੋ ਦਿਨ ਤੋਂ ਇੰਸਪੈਕਟਰਾਂ ਨੂੰ ਮੁੱਖ ਦਫ਼ਤਰ ਬੁਲਾ ਕੇ ਜਵਾਬ ਤਲਬੀ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਡਿਗਰੀਆਂ ਵੀ ਜਮ੍ਹਾਂ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਵੱਖਰੀ ਜਾਂਚ ਕੀਤੀ ਜਾ ਰਹੀ ਹੈ । 168 ਵਿਚੋਂ 70 ਦੇ ਕਰੀਬ ਇੰਸਪੈਕਟਰਾਂ ਤੋਂ ਪੁੱਛ-ਪੜਤਾਲ ਕੀਤੀ ਜਾ ਚੁੱਕੀ ਹੈ ਜਦੋਂਕਿ ਬਾਕੀ ਇੰਸਪੈਕਟਰਾਂ ਨੂੰ ਦਸ ਦਸੰਬਰ ਨੂੰ ਦਫ਼ਤਰ ਵਿਚ ਡਿਗਰੀਆਂ ਸਮੇਤ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ । ਜਾਣਕਾਰੀ ਅਨੁਸਾਰ ਐਕਸਾਈਜ਼ ਵਿਭਾਗ ਗ੍ਰੈਜੂਏਸ਼ਨ ਦੀਆਂ ਡਿਗਰੀਆਂ ਦਾ ਮਾਮਲਾ ਸਾਲ 2008 ਦਾ ਦੱਸਿਆ ਜਾ ਰਿਹਾ ਹੈ, 2012 ਵਿਚ ਵਿਭਾਗ ਦੇ ਜੂਨੀਅਰ ਸਹਾਇਕਾਂ ਵੱਲੋਂ ਇਸ ਮਸਲੇ ਨੂੰ ਚੁੱਕਿਆ ਗਿਆ ਸੀ । ਇਸ ਮਾਮਲੇ ਦੀ ਜਾਂਚ ਲਈ ਡੀ. ਟੀ. ਸੀ. ਸਰੋਜਨੀ ਸ਼ਰਧਾ ਗੌਤਮ ਦੀ ਡਿਊਟੀ ਲਗਾਈ ਗਈ, ਜਿਨ੍ਹਾਂ ਵੱਲੋਂ ਦੋ ਸਾਲ ਬਾਅਦ 2014 ਵਿਚ ਆਪਣੀ ਰਿਪੋਰਟ ਪੇਸ਼ ਕਰਦਿਆਂ ਡਿਗਰੀਆਂ ਜਾਅਲੀ ਹੋਣ ਦਾ ਖ਼ੁਲਾਸਾ ਕੀਤਾ ਗਿਆ ਸੀ । ਉਸ ਸਮੇਂ ਇਹ ਮਾਮਲਾ ਅਦਾਲਤ ਵਿਚ ਚਲਾ ਗਿਆ ਤੇ ਵਿਭਾਗ ਨੇ ਸਬੰਧਤ ਕਰਮਚਾਰੀਆਂ ਤੋਂ ਹਲਫ਼ੀਆ ਬਿਆਨ ਲੈ ਕੇ ਉਨ੍ਹਾਂ ਨੂੰ ਤਰੱਕੀਆਂ ਦੇ ਦਿੱਤੀਆਂ । ਸੁਪਰੀਮ ਕੋਰਟ ਵੱਲੋਂ 2017 ਵਿਚ ਦਿੱਤੇ ਗਏ ਫ਼ੈਸਲੇ ਅਨੁਸਾਰ ਇਨ੍ਹਾਂ ਕਰਮਚਾਰੀਆਂ ਦੀਆਂ ਡਿਗਰੀਆਂ ਨੂੰ ਅਯੋਗ ਕਰਾਰ ਦਿੱਤਾ ਗਿਆ। ਲੰਮੇ ਸਮੇਂ ਤੱਕ ਵਿਭਾਗ ਵੱਲੋਂ ਇਨ੍ਹਾਂ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ ਜਿਸ ’ਤੇ 2016 ਬੈਚ ਦੇ ਕਰਮਚਾਰੀਆਂ ਵੱਲੋਂ ਸਰਕਾਰ ਕੋਲ ਇਸ ਮਾਮਲੇ ਸਬੰਧੀ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ । ਐਕਸਾਈਜ਼ ਵਿਭਾਗ ਦੇ ਐਡੀਸ਼ਨਲ ਕਮਿਸ਼ਨਰ ਮਨਜੀਤ ਸਿੰਘ ਚੀਮਾ ਨੇ ਕਿਹਾ ਕਿ ਜਿਹੜੇ ਕਰਮਚਾਰੀਆਂ ਨੂੰ ਤਰੱਕੀ ਦਿੱਤੀ ਗਈ ਸੀ ਉਨ੍ਹਾਂ ਸਾਰਿਆਂ ਨੂੰ ਜਵਾਬ ਤਲਬ ਕੀਤਾ ਜਾ ਰਿਹਾ ਹੈ। ਸਾਰੇ ਕਰਮਚਾਰੀਆਂ ਦੀਆਂ ਡਿਗਰੀਆਂ ਜਮ੍ਹਾਂ ਕਰਵਾਉਣ ਤੋਂ ਬਾਅਦ ਇਨ੍ਹਾਂ ਦੀ ਡੂੰਘਾਈ ਨਾਲ ਪੜਤਾਲ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ ।