ਪਿੰਡ ਸੰਗਤਪੁਰਾ ਵਿਖੇ ਸਰਫੇਸ ਸੀਡਰ ਨਾਲ ਕਣਕ ਬਿਜਾਈ ਦੀ ਪ੍ਰਦਰਸ਼ਨੀ ਦਾ ਆਯੋਜਨ
- by Admin
- November 12, 2025
ਪਿੰਡ ਸੰਗਤਪੁਰਾ ਵਿਖੇ ਸਰਫੇਸ ਸੀਡਰ ਨਾਲ ਕਣਕ ਬਿਜਾਈ ਦੀ ਪ੍ਰਦਰਸ਼ਨੀ ਦਾ ਆਯੋਜਨ ਲਹਿਰਾਗਾਗਾ, 12 ਨਵੰਬਰ 2025 : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਪਿੰਡ ਸੰਗਤਪੁਰਾ, ਬਲਾਕ ਲਹਿਰਾਗਾਗਾ ਵਿਖੇ ਅਗਾਂਹਵਧੂ ਕਿਸਾਨ ਮਹਿੰਦਰ ਸਿੰਘ ਦੇ ਖੇਤ ਵਿੱਚ ਸਰਫੇਸ ਸੀਡਰ ਦੀ ਵਰਤੋਂ ਕਰਦੇ ਹੋਏ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲ ਕੇ ਕਣਕ ਦੀ ਖੇਤ ਪ੍ਰਦਰਸ਼ਨੀ ਲਗਾਈ ਗਈ । ਇਸ ਮੌਕੇ ਕੇ. ਵੀ. ਕੇ. ਸੰਗਰੂਰ ਦੀ ਟੀਮ ਵਿੱਚੋਂ ਡਾ. ਮਨਦੀਪ ਸਿੰਘ, ਇੰਚਾਰਜ, ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਫਾਰਮ ਮਸੀਨਰੀ), ਖੇਤੀਬਾੜੀ ਵਿਭਾਗ, ਲਹਿਰਾਗਾਗਾ ਤੋਂ ਲਖਵੀਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ (ਹਰਿਆਊ ਸਰਕਲ) ਅਤੇ ਸ. ਗਗਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ (ਪੌਦ ਸੁਰੱਖਿਆ) ਹਾਜ਼ਰ ਸਨ । ਡਾ. ਮਨਦੀਪ ਸਿੰਘ, ਇੰਚਾਰਜ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਹਾਜ਼ਰ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਣ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਕਿਹਾ ਕਿ ਇਹ ਤਰੀਕਾ ਨਾ ਸਿਰਫ਼ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਦਾ ਹੈ, ਸਗੋਂ ਹਵਾ ਪ੍ਰਦੂਸ਼ਣ ਘਟਾਉਣ ਵਿੱਚ ਵੀ ਮਦਦਗਾਰ ਹੈ । ਡਾ. ਸੁਨੀਲ ਕੁਮਾਰ ਨੇ ਸਰਫੇਸ ਸੀਡਰ ਤਕਨੀਕ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਮਸ਼ੀਨ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲ ਕੇ ਕਣਕ ਦੀ ਬਿਜਾਈ ਕਰਨ ਲਈ ਬਹੁਤ ਸਸਤਾ ਅਤੇ ਕਾਰਗਰ ਤਰੀਕਾ ਹੈ । ਉਨ੍ਹਾਂ ਨੇ ਇਸ ਮਸ਼ੀਨ ਨਾਲ 2 ਕਿੱਲੇ ਰਕਬੇ ਵਿੱਚ ਪ੍ਰਦਰਸ਼ਨੀ ਪਲਾਟ ਦੀ ਬਿਜਾਈ ਵੀ ਕਰਵਾਈ । ਜਿਸ ਨਾਲ ਕਿਸਾਨਾਂ ਨੂੰ ਇਸ ਦੀ ਕਾਰਗੁਜ਼ਾਰੀ ਬਾਰੇ ਪ੍ਰੈਕਟੀਕਲ ਜਾਣਕਾਰੀ ਮਿਲੀ । ਇਸ ਮੌਕੇ ਮਹਿੰਦਰ ਸਿੰਘ ਤੋਂ ਇਲਾਵਾ ਸੁਖਤਾਰ ਸਿੰਘ, ਗੋਵਿੰਦ ਸਿੰਘ, ਮਨਦੀਪ ਸਿੰਘ, ਸੰਦੀਪ ਸਿੰਘ ਅਤੇ ਹੋਰ ਕਈ ਕਿਸਾਨ ਹਾਜ਼ਰ ਸਨ, ਜਿਨ੍ਹਾਂ ਨੇ ਕੇ. ਵੀ. ਕੇ., ਸੰਗਰੂਰ ਦੀ ਟੀਮ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ।
