July 6, 2024 01:36:40
post

Jasbeer Singh

(Chief Editor)

Patiala News

ਕਿਸਾਨਾਂ ਨੇ 13 ਜ਼ਿਲ੍ਹਿਆਂ ਵਿੱਚ ਪ੍ਰਨੀਤ ਕੌਰ ਅਤੇ ਭਾਜਪਾ ਦੇ ਪੁਤਲੇ ਫੂਕੇ

post-img

ਪਿਛਲੇ ਦਿਨੀਂ ਪਟਿਆਲਾ ਤੋਂ ਲੋਕ ਸਭਾ ਲਈ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਚੋਣ ਪ੍ਰੋਗਰਾਮ ਦੌਰਾਨ ਘਨੌਰ ਹਲਕੇ ਦੇ ਪਿੰਡ ਸੇਹਰਾ ਵਿੱਚ ਭਾਜਪਾ ਕਾਰਕੁਨਾਂ ਤੇ ਕਿਸਾਨਾਂ ਦਰਮਿਆਨ ਹੋਈ ਝੜਪ ਮੌਕੇ ਕਿਸਾਨ ਸੁਰਿੰਦਰਪਾਲ ਸਿੰਘ ਆਕੜੀ ਦੀ ਹੋਈ ਮੌਤ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਯੂਨੀਅਨ ਦੇ ਸੂਬਾਈ ਪ੍ਰਧਾਨ ਡਾ. ਦਰਸ਼ਨਪਾਲ ਦੀ ਅਗਵਾਈ ਹੇਠ ਅੱਜ 13 ਜ਼ਿਲ੍ਹਿਆਂ ਵਿੱਚ ਭਾਜਪਾ ਅਤੇ ਪ੍ਰਨੀਤ ਕੌਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਪੁਤਲੇ ਸਾੜੇ ਗਏ। ਯੂਨੀਅਨ ਦੇ ਆਗੂ ਅਵਤਾਰ ਸਿੰਘ ਕੌਰਜੀਵਾਲਾ ਨੇ ਦੱਸਿਆ ਕਿ ਇਸੇ ਕੜੀ ਵਜੋਂ ਪਟਿਆਲਾ ਵਿੱਚ ਪ੍ਰਨੀਤ ਕੌਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਦਿੱਤੂਪੁਰ, ਅਵਤਾਰ ਕੌਰਜੀਵਾਲ਼ਾ, ਸੁਖਵਿੰਦਰ ਤੁੱਲੇਵਾਲ, ਟੇਕ ਸਿੰਘ ਅਸਰਪੁਰ, ਸੁਖਵਿੰਦਰ ਲਾਲੀ ਸ਼ਾਮਲ ਹੋਏ। ਯੂਨੀਅਨ ਦੇ ਸੂਬਾਈ ਪ੍ਰਧਾਨ ਡਾ. ਦਰਸ਼ਨਪਾਲ ਅਤੇ ਹੋਰ ਆਗੂਆਂ ਦਾ ਕਹਿਣਾ ਸੀ ਕਿ ਸੁਰਿੰਦਰਪਾਲ ਆਕੜੀ ਜਦੋਂ ਹੋਰ ਕਿਸਾਨਾਂ ਸਣੇ ਐੱਸਕੇਐੱਮ ਵੱਲੋਂ ਭਾਜਪਾ ਉਮੀਦਵਾਰਾਂ ਤੋਂ ਸਵਾਲ ਪੁੱਛਣ ਦੇ ਦਿੱਤੇ ਪ੍ਰੋਗਰਾਮ ਤਹਿਤ ਪ੍ਰਨੀਤ ਕੌਰ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਤਾਂ ਪ੍ਰਨੀਤ ਕੌਰ ਦੇ ਸਮਰਥਕ ਹਰਵਿੰਦਰ ਸਿੰਘ ਹਰਪਾਲਪੁਰ ਨੇ ਉਸ ਨੂੰ ਧੱਕਾ ਮਾਰ ਕਾਰਨ ਉਸ ਦੀ ਮੌਤ ਹੋ ਗਈ। ਇਸੇ ਕਾਰਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਅੱਜ ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਤਹਿਸੀਲਾਂ ’ਚ ਪ੍ਰਨੀਤ ਕੌਰ ਤੇ ਭਾਜਪਾ ਦੇ ਪੁਤਲੇ ਫੂਕੇ ਗਏ। ਉਨ੍ਹਾਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਤੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਸਣੇ ਮੁਲਜ਼ਮ ਹਰਵਿੰਦਰ ਹਰਪਾਲਪੁਰ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ। ਬਠਿੰਡਾ ਦੇ ਤਿੰਨ ਪਿੰਡਾਂ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਬਠਿੰਡਾ (ਮਨੋਜ ਸ਼ਰਮਾ): ਇੱਥੇ ਅੱਜ ਅਕਲੀਆ ਕਲਾਂ, ਬਰਕੰਦੀ, ਮਹਿਮਾ ਸਰਜਾ ਆਦਿ ਪਿੰਡਾਂ ਵਿੱਚ ਭਾਜਪਾ ਉਮੀਦਵਾਰ ਬੀਬਾ ਪਰਮਪਾਲ ਕੌਰ ਮਲੂਕਾ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਪੁੱਜੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ , ਬਲਦੇਵ ਸਿੰਘ ਅਕਲੀਆ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਿੰਡ ਅਕਲੀਆ ਕਲਾਂ ਵਿੱਚ ਇਨ੍ਹਾਂ ਭਾਜਪਾ ਆਗੂਆਂ ਦਾ ਬੀਕੇਯੂ ਉਗਰਾਹਾਂ ਦੇ ਪਿੰਡ ਪ੍ਰਧਾਨ ਅੰਗਰੇਜ਼ ਸਿੰਘ ਅਤੇ ਸਿੱਧੂਪੁਰ ਦੇ ਰੇਸ਼ਮ ਸਿੰਘ ਵੱਲੋਂ ਸਵਾਲਾਂ ਦਾ ਜਵਾਬ ਲੈਣ ਲਈ ਵਿਰੋਧ ਕੀਤਾ ਗਿਆ। ਇਸ ਮੌਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਮਗਰੋਂ ਪਿੰਡ ਮਹਿਮਾ ਸਰਜਾ ਵਿੱਚ ਬਲਾਕ ਸਮਿਤੀ ਦੇ ਸਾਬਕਾ ਮੈਂਬਰ ਕਿਰਨਜੀਤ ਸਿੰਘ ਦੀ ਅਗਵਾਈ ਹੇਠ ‘ਆਪ’ ਆਗੂ ਗੁਰਪ੍ਰੀਤ ਸਿੰਘ ਲੱਟੀ ਅਤੇ ਉਸ ਦੇ ਸਾਥੀਆਂ ਨੂੰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਵੱਲੋਂ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਪਿੰਡ ਵਿੱਚ ਭਾਜਪਾ ਆਗੂਆਂ ਦੇ ਦੌਰੇ ਦੀ ਭਿਣਕ ਪੈਂਦਿਆਂ ਹੀ ਬੀਕੇਯੂ ਸਿੱਧੂਪੁਰ, ਬੀਕੇਯੂ ਮਾਨਸਾ, ਬੀਕੇਯੂ ਉਗਰਾਹਾਂ ਖੇਤ ਮਜ਼ਦੂਰ ਯੂਨੀਅਨ ਦੇ ਕਾਰਕੁਨਾਂ ਸਣੇ ਇਕੱਠੇ ਹੋ ਗਏ। ਪੁਲੀਸ ਨੇ ਗਲੀ ਅੱਗੇ ਘੇਰਾ ਪਾ ਕੇ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਰੋਕੀ ਰੱਖਿਆ। ਇਸ ਮੌਕੇ ਜ਼ਿਲ੍ਹਾ ਸਕੱਤਰ ਸਿੱਧੂਪੁਰ ਗੁਰਦੀਪ ਸਿੰਘ ਮਹਿਮਾ ਸਰਜਾ, ਬੀਕੇਯੂ ਮਾਨਸਾ ਦੇ ਬੇਅੰਤ ਸਿੰਘ, ਅੰਗਰੇਜ਼ ਸਿੰਘ ਲੱਖੀ ਜੰਗਲ, ਸਤਨਾਮ ਸਿੰਘ ਮਹਿਮਾ ਸਰਜਾ, ਕਾਲਾ ਸਿੰਘ ਮਹਿਮਾ ਸਰਜਾ, ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਮਾਸਟਰ ਸੇਵਕ ਸਿੰਘ ਵੱਲੋਂ ਭਾਜਪਾ ਆਗੂਆਂ ਦਾ ਵਿਰੋਧ ਕਰਦੇ ਹੋਏ ਮੋਦੀ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ।

Related Post