
ਕਿਸਾਨਾਂ ਨਾਲ ਧੱਕੇਸ਼ਾਹੀ ਨਾ ਕੀਤੀ ਜਾਵੇ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ
- by Jasbeer Singh
- March 20, 2025

ਕਿਸਾਨਾਂ ਨਾਲ ਧੱਕੇਸ਼ਾਹੀ ਨਾ ਕੀਤੀ ਜਾਵੇ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅੰਮ੍ਰਿਤਸਰ:- 20 ਮਾਰਚ ( ) ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਆਪਣੀਆਂ ਮੰਗਾਂ ਲਈ ਧਰਨਾ ਦੇ ਰਹੇ ਕਿਸਾਨ ਭਰਾਵਾਂ ਨੂੰ ਜ਼ਬਰੀ ਉਖੇੜ ਦਿਤਾ ਗਿਆ ਹੈ। ਜਿਸ ਦੀ ਅਸੀ ਡੱਟਵੀਂ ਨਿੰਦਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜਬਰੀ ਚੁੱਕ ਕੇ ਹਿਰਾਸਤ ਵਿੱਚ ਲੈਣਾ, ਉਨ੍ਹਾਂ ਨਾਲ ਬੇਇਨਸਾਫੀ ਤੇ ਧੱਕਾ ਹੈ। ਇਸ ਤਰ੍ਹਾਂ ਦਾ ਰਵੱਈਆ ਬੇਇਤਫਾਕੀ, ਵਿਰੋਧਾਭਾਈ ਤੇ ਨਰਾਜ਼ਗੀ ਦਾ ਮਾਹੌਲ ਸਿਰਜਦਾ ਹੈ। ਸਰਕਾਰਾਂ ਨੂੰ ਰਾਹ ਖਾਲੀ ਕਰਵਾਉਣ ਲਈ ਗੱਲਬਾਤ ਦਾ ਰਾਹ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਰਵੱਈਆ ਵੀ ਠੀਕ ਨਹੀਂ ਹੈ। ਸਰਕਾਰ ਆਏ ਦਿਨ ਕਿਸਾਨਾਂ ਨੂੰ ਗੱਲਬਾਤ ਲਈ ਸਦ ਕੇ ਕੋਈ ਸ਼ਾਤੀ ਪੂਰਨ ਨਤੀਜਾ ਨਹੀਂ ਕੱਢ ਰਹੀ। ਉਨ੍ਹਾਂ ਕਿਹਾ ਕੋਈ ਵੀ ਧਿਰ ਹੋਵੇ, ਆਮ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਨਿਹੰਗ ਮੁਖੀ ਨੇ ਕਿਹਾ ਕਿਸਾਨਾਂ ਨਾਲ ਕੇਂਦਰ ਸਰਕਾਰ ਵੱਲੋਂ ਕੀਤੇ ਵਾਅਦੇ ਵਫਾ ਨਹੀਂ ਹੋ ਰਹੇ, ਆਏ ਦਿਨ ਕਿਸਾਨ ਭਰਾਵਾਂ ਨੂੰ ਧਰਨੇ ਦੇ ਕੇ ਭੁੱਖ ਹੜਤਾਲਾਂ ਕਰਕੇ ਆਪਣੀ ਗੱਲ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਫੌਰੀ ਤੌਰ ਤੇ ਸਰਕਾਰ ਪਹਿਲ ਕਦਮੀ ਕਰੇ ਕਿਸਾਨਾਂ ਨਾਲ ਬੈਠਕ ਕਰਨ ਲਈ ਬਹਾਨੇ ਬਾਜੀ ਵਾਲੀ ਬਿਆਨ ਬਾਜੀ ਕਰ ਕੇ ਬਾਰ-ਬਾਰ ਤਰੀਕਾਂ ਨਾ ਪਾਵੇ, ਸਗੋਂ ਉਨ੍ਹਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰੇ। ਉਨ੍ਹਾਂ ਕਿਹਾ ਸਰਕਾਰ ਧੱਕੇਸ਼ਾਹੀ ਵਾਲਾ ਰਵੱਈਆ ਛੱਡ ਕੇ ਕਿਸਾਨਾਂ ਨਾਲ ਹਮਦਰਦੀ ਪੂਰਨ ਮਾਹੌਲ ਸਿਰਜੇ ਅਤੇ ਉਨ੍ਹਾਂ ਨਾਲ ਬੈਠ ਕੇ ਮਸਲੇ ਹੱਲ ਕਰੇ। ਉਨ੍ਹਾਂ ਹੋਰ ਕਿਹਾ ਹਿਮਾਚਲ ਦੇ ਨੌਜਵਾਨਾਂ ਲਈ ਸਿੱਖਾਂ ਨਾਲ ਕੀਤਾ ਜਾ ਰਿਹਾ ਵਿਵਹਾਰ ਬਹੁਤ ਹੀ ਨਿੰਦਣਯੋਗ ਤੇ ਅਫਸੋਸ ਵਾਲਾ ਹੈ। ਇਸ ਤਰ੍ਹਾਂ ਦੀਆਂ ਫਿਰਕੂ ਹਰਕਤਾਂ ਦੋਹਾਂ ਸੂਬਿਆਂ ਵਿਚਕਾਰ ਸਬੰਧਾਂ ਨੂੰ ਖਰਾਬ ਕਰਦੀਆਂ ਹਨ। ਪਰ ਹਿਮਾਚਲ ਅੰਦਰ ਜਾ ਰਹੇ ਪੰਜਾਬੀਆਂ ਖਾਸ ਕਰ ਸਿੱਖਾਂ ਨਾਲ ਕੁੱਟਮਾਰ, ਲੁੱਟਖੋਹ ਅਤੇ ਗੱਡੀਆਂ ਦੀ ਭੰਨਤੋੜ ਸਹਿਯੋਗ ਨਹੀਂ ਹੈ। ਦੋਹਾਂ ਪ੍ਰਾਤਾਂ ਦੇ ਮੁੱਖ ਮੰਤਰੀਆਂ ਨੂੰ ਮਿਲ ਬੈਠ ਕੇ ਮਸਲੇ ਦਾ ਨਿਪਟਾਰਾ ਕਰਨਾ ਚਾਹੀਦਾ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.