ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਰੋਧ ਲਈ ਵੱਡੀ ਗਿਣਤੀ ਵਿੱਚ ਕਾਲੀਆਂ ਝੰਡੀਆਂ ਲੈ ਕੇ ਜਾ ਰਹੇ ਕਿਸਾਨਾਂ ਨੂੰ ਅੱਜ ਪੁਲੀਸ ਨੇ ਲੁਧਿਆਣਾ-ਫਿਰੋਜ਼ਪੁਰ ਹਾਈਵੇਅ ’ਤੇ ਚੌਕੀਮਾਨ ਟੌਲ ਪਲਾਜ਼ੇ ’ਤੇ ਰੋਕ ਲਿਆ। ਇਸ ਤੋਂ ਰੋਹ ਵਿੱਚ ਆਏ ਕਿਸਾਨਾਂ ਨੇ ਟੌਲ ਪਲਾਜ਼ੇ ’ਤੇ ਹੀ ਧਰਨਾ ਲਾ ਦਿੱਤਾ। ਕਿਸਾਨਾਂ ਨੇ ਭਾਜਪਾ ਤੇ ਮੋਦੀ ਹਕੂਮਤ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਬੀਕੇਯੂ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਗ੍ਰਹਿ ਮੰਤਰੀ ਦੇ ਵਿਰੋਧ ਲਈ ਉਚੇਚੇ ਤੌਰ ’ਤੇ ਪਹੁੰਚੇ ਹੋਏ ਸਨ। ਉਧਰ ਦੂਜੇ ਪਾਸੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨਾਲ ਸਬੰਧਤ ਕੁਝ ਕਾਰਕੁਨ ਅੱਗੇ ਵਧਣ ’ਚ ਸਫ਼ਲ ਹੋਏ ਪਰ ਉਨ੍ਹਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਟੌਲ ਵਾਲੇ ਧਰਨੇ ’ਚ ਬੀਕੇਯੂ (ਲੱਖੋਵਾਲ), ਬੀਕੇਯੂ (ਰਾਜੇਵਾਲ), ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ ਦੇ ਕਿਸਾਨ ਸ਼ਾਮਲ ਸਨ। ਦੂਜੇ ਪਾਸੇ ਪੁਲੀਸ ਮੁਲਾਜ਼ਮ ਵੀ ਕਾਫੀ ਗਿਣਤੀ ’ਚ ਪਹੁੰਚ ਗਏ। ਟੌਲ ’ਤੇ ‘ਅਮਿਤ ਸ਼ਾਹ ਵਾਪਸ ਜਾਓ, ਮੋਦੀ ਭਜਾਓ ਦੇਸ਼ ਬਚਾਓ’ ਤੇ ਹੋਰ ਨਾਅਰਿਆਂ ਦੀ ਗੂੰਜ ਉੱਠੀ। ਸੂਬਾ ਪ੍ਰਧਾਨ ਢੁੱਡੀਕੇ ਤੇ ਧਨੇਰ ਤੋਂ ਇਲਾਵਾ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਲੋਕ ਸਭਾ ਚੋਣਾਂ ’ਚ ਭਾਜਪਾ ਸਮੇਤ ਕਿਸੇ ਵੀ ਸਿਆਸੀ ਪਾਰਟੀ ਦੇ ਮੈਨੀਫੈਸਟੋ ਵਿੱਚ ਗਰੀਬੀ, ਬੇਰੁਜ਼ਗਾਰੀ ਦਾ ਕੋਈ ਹੱਲ ਨਹੀਂ ਦਿੱਤਾ ਗਿਆ। ਮੋਦੀ ਤੇ ਅਮਿਤ ਸ਼ਾਹ ਦੇਸ਼ ਵਿੱਚ ਇਕ ਧਰਮ ਦਾ ਰਾਜ ਬਣਾਉਣਾ ਚਾਹੁੰਦੇ ਹਨ। ਦੇਸ਼ ਨੂੰ ਫਾਸ਼ੀਵਾਦੀ ਲੀਹਾਂ ’ਤੇ ਚਲਾਉਣ ਲਈ ਇਕ ਦੇਸ਼, ਇਕ ਬੋਲੀ, ਇਕ ਕਾਨੂੰਨ ਤਹਿਤ ਵੱਖ-ਵੱਖ ਕੌਮਾਂ, ਧਰਮਾਂ ਦੀਆਂ ਮਾਨਤਾਵਾਂ ਨੂੰ ਪੈਰਾਂ ਹੇਠ ਰੋਲਣਾ ਚਾਹੁੰਦੇ ਹਨ। ਕੇਂਦਰੀ ਏਜੰਸੀ ਆਈਬੀ ਵੱਲੋਂ ਸੂਬਾ ਪ੍ਰਧਾਨ ਢੁੱਡੀਕੇ ਦੇ ਘਰ ਛਾਪਾ ਮਾਰ ਕੇ ਪਰਿਵਾਰ ਨੂੰ ਪ੍ਰੇਸ਼ਾਨ ਕਰਨ ਦੀ ਸਖ਼ਤ ਨਿੰਦਾ ਦਾ ਮਤਾ ਪਾਸ ਕੀਤਾ ਗਿਆ। ਧਰਨੇ ਨੂੰ ਜਗਤਰ ਸਿੰਘ ਦੇਹੜਕਾ, ਇੰਦਰਜੀਤ ਧਾਲੀਵਾਲ, ਤਰਸੇਮ ਸਿੰਘ ਬੱਸੂਵਾਲ, ਕੰਵਲਜੀਤ ਖੰਨਾ, ਤਰਲੋਚਨ ਸਿੰਘ ਝੋਰੜਾਂ, ਬਲਰਾਜ ਸਿੰਘ ਕੋਟਉਮਰਾ, ਗੁਰਮੇਲ ਸਿੰਘ ਰੂਮੀ, ਜੋਗਿੰਦਰ ਸਿੰਘ ਮਲਸੀਹਾਂ, ਜਗਸੀਰ ਸਿੰਘ ਗਿੱਲ, ਰਣਬੀਰ ਸਿੰਘ ਰਾਜੇਵਾਲ, ਡਾ. ਰਜਿੰਦਰਪਾਲ ਸਿੰਘ ਬਰਾੜ, ਹਰਨੇਕ ਦਿੰਘ ਗੁੱਜਰਵਾਲ, ਰਘਬੀਰ ਸਿੰਘ ਬੈਨੀਪਾਲ, ਅਵਤਾਰ ਸਿੰਘ ਰਸੂਲਪੁਰ, ਸੁਰਜੀਤ ਦੌਧਰ ਤੇ ਗੁਰਤੇਜ ਸਿੰਘ ਤੇਜ ਨੇ ਸੰਬੋਧਨ ਕੀਤਾ। ਪੁਲੀਸ ਨੇ ਅਮਿਤ ਸ਼ਾਹ ਦਾ ਵਿਰੋਧ ਕਰਨ ਜਾਂਦੇ ਕਿਸਾਨ ਡੱਕੇ ਬਰਨਾਲਾ (ਪਰਸ਼ੋਤਮ ਬੱਲੀ): ਲੁਧਿਆਣਾ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦਾ ਵਿਰੋਧ ਕਰਨ ਲਈ ਜਾ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁਨਾਂ ਨੂੰ ਇਥੇ ਆਈਟੀਆਈ ਚੌਕ ਵਿੱਚ ਲੱਗੇ ਪੁਲੀਸ ਨਾਕੇ ’ਤੇ ਡੱਕ ਲਿਆ ਗਿਆ। ਪੁਲੀਸ ਨੇ ਕਿਸਾਨਾਂ ਨੂੰ ਬੱਸ ਸਣੇ ਸੀਆਈਏ ਹੰਡਿਆਇਆ ’ਚ ਹਿਰਾਸਤ ’ਚ ਰੱਖਿਆ। ਇਸ ਤੋਂ ਬਾਅਦ ਸੰਯੁਕਤ ਮੋਰਚੇ ਦੇ ਦਬਾਅ ਸਦਕਾ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਕਾਫਲੇ ਦੀ ਅਗਵਾਈ ਕਰ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸਵੇਰ ਤੋਂ ਹੀ ਪੁਲੀਸ ਵੱਲੋਂ ਆਗੂਆਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਜਦੋਂ ਆਈਟੀਆਈ ਚੌਕ ਬਰਨਾਲਾ ਬੱਸ ਲੈ ਕੇ ਪਹੁੰਚੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ। ਉਨ੍ਹਾਂ ਨੇ ਸੀਆਈਏ ਸਟਾਫ਼ ਅਧਿਕਾਰੀ ਲਖਬੀਰ ਸਿੰਘ ’ਤੇ ਕਿਸਾਨਾਂ ਨਾਲ ਹੱਥੋਪਾਈ ਤੇ ਮੋਬਾਈਲ ਫੋਨ ਖੋਹਣ ਦਾ ਦੋਸ਼ ਵੀ ਲਾਇਆ। ਕਿਸਾਨਾਂ ਵੱਲੋਂ ਰਾਜਨਾਥ ਸਿੰਘ ਦਾ ਵਿਰੋਧ ਬਠਿੰਡਾ (ਪੱਤਰ ਪ੍ਰੇਰਕ): ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅੱਜ ਬਠਿੰਡਾ ਫੇਰੀ ਮੌਕੇ ਬੀਕੇਯੂ (ਬੋਘ) ਦੇ ਸੂਬਾ ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੂੰ ਪੁਲੀਸ ਨੇ ਸ਼ਹਿਰ ਦੇ ਰਿੰਗ ਰੋਡ ’ਤੇ ਬਣੇ ਨੰਨੀ ਛਾਂ ਚੌਕ ਵਿੱਚ ਰੋਕ ਲਿਆ। ਕਿਸਾਨਾਂ ਵੱਲੋਂ ਇਥੇ ਰਾਜਨਾਥ ਦੀ ਰੈਲੀ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ ਗਈ। ਵਿਰੋਧ ਕਰਨ ਵਾਲੇ ਕਿਸਾਨਾਂ ਵਿੱਚ ਲਛਮਣ ਸਿੰਘ, ਰਣਜੀਤ ਸਿੰਘ ਬਿੱਟੂ ਗਰੇਵਾਲ, ਦਰਸ਼ਨ ਸਿੰਘ ਪ੍ਰਧਾਨ ਪਿੰਡ ਗੋਨੇਆਣਾ ਖੁਰਦ, ਅਜਾਇਬ ਸਿੰਘ ਔਲਖ ਗੋਨਿਆਣਾ ਖੁਰਦ, ਗਗਨਦੀਪ ਸਿੰਘ ਪ੍ਰਧਾਨ ਗੋਨੇਆਣਾ ਕਲਾਂ ਆਦਿ ਸ਼ਾਮਲ ਸ਼ਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.