ਫ਼ਰੀਦਕੋਟ ਰਾਖਵਾਂ ਹਲਕੇ ਤੋਂ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਮਲੋਆ ਦੇ ਬਾਘਾਪੁਰਾਣਾ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਰੋਡ ਸ਼ੋਅ ਨੇ ਵੱਡੀਆਂ ਸਿਆਸੀਆਂ ਪਾਰਟੀਆਂ ਦੇ ਆਗੂਆਂ ਦੀ ਨੀਂਦ ਉਡਾ ਦਿੱਤੀ ਹੈ। ਇਸ ਹਲਕੇ ਵਿਚ ਬਦਲੀ ਸਿਆਸੀ ਫਿਜ਼ਾ ਕਾਰਨ ਪੰਜ ਕੋਣਾਂ ਮੁਕਾਬਲਾ ਬਣ ਗਿਆ ਹੈ। ਇਸ ਸੀਟ ਤੋਂ ਕਾਂਗਰਸ ਦੀ ਉਮੀਦਵਰ ਅਮਰਜੀਤ ਕੌਰ ਸਾਹੋਕੇ, ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ , ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਅਤੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਲਈ ਬਦਲੇ ਸਮੀਕਾਰਨਾਂ ਕਰਕੇ ਸੰਸਦ ਦੀਆਂ ਪੌੜੀਆਂ ਚੜ੍ਹਨਾ ਆਸਾਨ ਨਹੀਂ ਜਾਪ ਰਿਹਾ। ਇਥੇ ਰੋਡ ਸ਼ੋਅ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨ ਮੋਟਰਸਾਈਕਲਾਂ ’ਤੇ ਸਵਾਰ ਸਨ। ਕਈ ਪਿੰਡਾਂ ਵਿਚ ਨੌਜਵਾਨਾਂ ਵੱਲੋਂ ਆਪਣੇ ਘਰਾਂ ’ਤੇ ਕੇਸਰੀ ਝੰਡੇ ਲਗਾਏ ਜਾ ਰਹੇ ਹਨ। ਪਿੰਡਾਂ ਦੀਆਂ ਗਲੀਆਂ ਸੱਥਾਂ ਵਿਚ ਚੋਣਾਂ ਦੀ ਹੀ ਚਰਚਾ ਹੋ ਰਹੀ ਹੈ। ਇਸ ਮੌਕੇ ਭਾਈ ਮਲੋਆ ਨੇ ਕਿਹਾ ਕਿ ਉਹ ਪੰਜਾਬ ਦੀ ਸੇਵਾ ਕਰਨ ਦੇ ਮਕਸਦ ਨਾਲ ਚੋਣ ਪਿੜ ਵਿਚ ਆਏ ਹਨ। ਉਨ੍ਹਾਂ ਕਿਹਾ, ‘‘ਜੇਕਰ ਮੈਂ ਚਾਹੁੰਦਾ ਤਾਂ ਕਿਸੇ ਪਾਰਟੀ ਦੇ ਵਿੱਚ ਜਾ ਕੇ ਕਿਤੋਂ ਵੀ ਟਿਕਟ ਹਾਸਲ ਕਰ ਸਕਦਾ ਸੀ। ਪਰ ਮੈਂ ਪੰਜਾਬ ਅਤੇ ਪੰਜਾਬੀਆਂ ਦੀ ਸੇਵਾ ਕਰਨ ਲਈ ਚੋਣ ਮੈਦਾਨ ਦੇ ਵਿੱਚ ਆਇਆ ਹਾਂ। ਪੰਥਕ ਆਗੂਆਂ, ਨੌਜਵਾਨਾਂ ਤੇ ਲੋਕਾਂ ਦੇ ਸਹਿਯੋਗ ਨਾਲ ਆਪਣੇ ਦਮ ’ਤੇ ਚੋਣ ਲੜ ਰਿਹਾ ਹਾਂ। ਉਨ੍ਹਾਂ ਨੂੰ ਹਰ ਵਰਗ ਵੱਲੋਂ ਚੰਗਾਂ ਹੂੰਗਾਰਾ ਮਿਲ ਰਿਹਾ ਹੈ। ਦੂਜੇ ਪਾਸੇ ਭਾਈ ਮਲੋਆ ਲਈ ਮੰਨਿਆ ਜਾ ਰਿਹਾ ਹੈ ਕਿ ਉਹ ‘ਆਪ’ ਤੇ ਅਕਾਲੀ ਦਲ ਦੀ ਵੋਟ ਨੂੰ ਖੋਰਾ ਲਗਾ ਰਹੇ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਜੋੜ ਤੋੜ ਦੀ ਸਿਆਸਤ ’ਚ ਉਹ ਯਕੀਨ ਨਹੀਂ ਰੱਖ ਰਹੇ। ਉਨ੍ਹਾਂ ਕਿਹਾ ਕਿ ਉਹ ਵੋਟਰਾਂ ਤੇ ਆਮ ਲੋਕਾਂ ਵਿਚ ਆਪਣੀ ਗੱਲ ਕਰਨ ਲਈ ਪਹੁੰਚੇ ਹਨ ਆਪਣੇ ਮੁੱਦਿਆਂ ’ਤੇ ਉਹ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਮੁੱਦਿਆਂ ਦੀ ਰਾਜਨੀਤੀ ਵਿਚ ਵਿਸ਼ਵਾਸ ਰਖਦੇ ਹਨ। ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਦੋਂ ਇਹ ਸਿਆਸੀ ਦਲ ਕਿੱਥੇ ਸਨ। ਇਸ ਮੌਕੇ ਉਤਸ਼ਾਹੀ ਨੌਜਵਾਨਾਂ ਨੇ ਕਿਹਾ ਕਿ ਭਾਈ ਮਲੋਆ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ ਤਾਂ ਜੋ ਉਹ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਸੰਸਦ ਵਿਚ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕਣ ਅਤੇ ਲੰਮੇ ਸਮੇਂ ਤੋਂ ਦੇਸ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਕੀਤੇ ਗਏ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਸਿਆਸੀ ਧਿਰਾਂ ਜਾਂ ਕੇਂਦਰ ਅਤੇ ਰਾਜ ਸਰਕਾਰ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੁਝ ਨਹੀਂ ਕੀਤਾ ਸਗੋਂ ਨੌਜਵਾਨਾਂ ਨੂੰ ਮਾਰੂ ਨਸ਼ਿਆਂ ਤੋਂ ਬਚਾਉਣ ਲਈ ਤੁਰੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਐੱਨਐੱਸਏ ਦੇ ਅਧੀਨ ਡਿਬੜੂਗੜ੍ਹ ਦੀ ਜੇਲ ਵਿੱਚ ਬੰਦ ਕਰ ਦਿੱਤਾ ਗਿਆ। ਇਸ ਹਲਕੇ ਤੋਂ ਭਾਈ ਮਲੋਆ ਨੂੰ ਮਿਲ ਰਹੇ ਵੋਟਰਾਂ ਦੇ ਭਰਵੇਂ ਹੁੰਗਾਰੇ ਨੇ ਵਿਰੋਧੀ ਪਾਰਟੀਆਂ ਦੀ ਨੀਂਦ ਉਡਾ ਦਿੱਤੀ ਹੈ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.