
ਤਸਕਰੀ ਗਿਰੋਹ ਦੇ ਪੰਜ ਮੈਂਬਰਾਂ ਨੂੰ ਚਾਰ ਗਲੋਕ ਪਿਸਤੌਲਾਂ, 2 ਕਿਲੋ ਹੈਰੋਇਨ ਸਮੇਤ ਕੀਤਾ ਕਾਬੂ
- by Jasbeer Singh
- October 19, 2025

ਤਸਕਰੀ ਗਿਰੋਹ ਦੇ ਪੰਜ ਮੈਂਬਰਾਂ ਨੂੰ ਚਾਰ ਗਲੋਕ ਪਿਸਤੌਲਾਂ, 2 ਕਿਲੋ ਹੈਰੋਇਨ ਸਮੇਤ ਕੀਤਾ ਕਾਬੂ ਦੁਬਈ ਸਥਿਤ ਤਸਕਰ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਨ ਗ੍ਰਿਫ਼ਤਾਰ ਕੀਤੇ ਮੁਲਜ਼ਮ : ਡੀ. ਜੀ. ਪੀ. ਗੌਰਵ ਯਾਦਵ ਬਰਾਮਦ ਕੀਤੀ ਖੇਪ ਦੀਆਂ ਤਾਰਾਂ ਪਾਕਿਸਤਾਨ ਨਾਲ ਜੁੜੀਆਂ : ਏ. ਆਈ. ਜੀ. ਐਸ. ਐਸ. ਓ. ਸੀ. ਅੰਮ੍ਰਿਤਸਰ ਸੁਖਮਿੰਦਰ ਮਾਨ ਚੰਡੀਗੜ੍ਹ/ਅੰਮ੍ਰਿਤਸਰ, 19 ਅਕਤੂਬਰ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਤਿਉਹਾਰਾਂ ਦੇ ਸੀਜ਼ਨ ਨੂੰ ਸੁਰੱਖਿਅਤ ਅਤੇ ਸ਼ਾਂਤੀਪੂਰਨ ਬਣਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਚੈਕਿੰਗ ਅਤੇ ਵਿਸ਼ੇਸ਼ ਆਪ੍ਰੇਸ਼ਨਾਂ ਦੌਰਾਨ ਵੱਡੀ ਸਫਲਤਾ ਤਹਿਤ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ. ਐਸ. ਓ. ਸੀ.) ਅੰਮ੍ਰਿਤਸਰ ਨੇ ਕੇਂਦਰੀ ਏਜੰਸੀ ਦੇ ਤਾਲਮੇਲ ਨਾਲ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਇੱਕ ਤਸਕਰੀ ਨੈੱਟਵਰਕ ਦੇ ਪੰਜ ਮੈਂਬਰਾਂ ਨੂੰ, ਚਾਰ 9 ਐਮ. ਐਮ. ਕੈਲੀਬਰ ਗਲੋਕ ਪਿਸਤੌਲ ਅਤੇ 2 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ । ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਿ਼ਵਮ ਅਰੋੜਾ ਵਾਸੀ ਨਿਊ ਜਸਪਾਲ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਵਾਸੀ ਨਿਊ ਕਪੂਰ ਨਗਰ, ਅੰਮ੍ਰਿਤਸਰ, ਅਨਮੋਲਦੀਪ ਸਿੰਘ ਵਾਸੀ ਸੁਲਤਾਨਵਿੰਡ ਰੋਡ, ਅੰਮ੍ਰਿਤਸਰ, ਅਭਿਸ਼ੇਕ ਸਿੰਘ ਵਾਸੀ ਪਿੰਡ ਢੰਡ, ਤਰਨਤਾਰਨ ਅਤੇ ਕੁਲਮੀਤ ਸਿੰਘ ਵਾਸੀ ਕਲੋਨੀ ਗੰਗਾ ਨਗਰ ਪਿੰਡ ਢੰਡ, ਤਰਨਤਾਰਨ ਵਜੋਂ ਹੋਈ ਹੈ । ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਦੁਬਈ ਸਥਿਤ ਤਸਕਰ, ਜੋ ਆਪਣੇ ਪਾਕਿਸਤਾਨੀ ਸਾਥੀਆਂ ਦੇ ਸੰਪਰਕ ਵਿੱਚ ਸੀ, ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਨ । ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਜ਼ਬਤ ਕੀਤੀ ਗਈ ਖੇਪ ਪਾਕਿਸਤਾਨ ਤੋਂ ਭਾਰਤ ਭੇਜੀ ਗਈ ਸੀ । ਡੀ. ਜੀ. ਪੀ. ਨੇ ਕਿਹਾ ਕਿ ਬਾਕੀ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਅਤੇ ਪੂਰੇ ਨੈੱਟਵਰਕ ਨੂੰ ਬੇਅਸਰ ਕਰਨ ਦੀਆਂ ਕੋਸਿ਼ਸ਼ਾਂ ਜਾਰੀ ਹਨ । ਆਪ੍ਰੇਸ਼ਨ ਸੰਬੰਧੀ ਵੇਰਵੇ ਸਾਂਝੇ ਕਰਦੇ ਹੋਏ ਏ. ਆਈ. ਜੀ. ਐਸ. ਐਸ. ਓ. ਸੀ. (ਅੰਮ੍ਰਿਤਸਰ) ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਤਸਕਰੀ ਦੀਆਂ ਗਤੀਵਿਧੀਆਂ ਵਿੱਚ ਇਨ੍ਹਾਂ ਸ਼ੱਕੀਆਂ ਦੀ ਸ਼ਮੂਲੀਅਤ ਬਾਰੇ ਭਰੋਸੇਯੋਗ ਜਾਣਕਾਰੀ ਤੋਂ ਬਾਅਦ, ਕੇਂਦਰੀ ਏਜੰਸੀ ਦੀਆਂ ਟੀਮਾਂ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਪੁਲਿਸ ਟੀਮਾਂ ਨੇ ਇੱਕ ਖੁਫੀਆ ਕਾਰਵਾਈ ਕੀਤੀ ਅਤੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਨਸ਼ੀਲੇ ਪਦਾਰਥਾਂ ਅਤੇ ਆਧੁਨਿਕ ਹਥਿਆਰਾਂ ਦੀ ਖੇਪ ਬਰਾਮਦ ਕੀਤੀ, ਜੋ ਕਿ ਮੁਲਜ਼ਮਾਂ ਨੇ ਅੱਗੇ ਕਿਸੇ ਟਿਕਾਣੇ ਤੇ ਪਹੁੰਚਾਉਣੀ ਸੀ । ਏ. ਆਈ. ਜੀ. ਨੇ ਕਿਹਾ ਕਿ ਇਸ ਪੂਰੇ ਨੈੱਟਵਰਕ ਦਾ ਪਤਾ ਲਗਾਉਣ ਲਈ ਇਸ ਮਾਮਲੇ ਦੇ ਅਗਲੇਰੇ ਪਿਛਲੇਰੇ ਸਬੰਧ ਸਥਾਪਤ ਕਰਨ ਹਿਤ ਹੋਰ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ । ਇਸ ਸਬੰਧ ਵਿੱਚ ਪੁਲਸ ਸਟੇਸ਼ਨ ਐਸ. ਐਸ. ਓ. ਸੀ. ਅੰਮ੍ਰਿਤਸਰ ਵਿਖੇ ਐਨ. ਡੀ. ਪੀ. ਐਸ. ਐਕਟ ਦੀ ਧਾਰਾ 21 ਅਤੇ 29, ਅਸਲਾ ਐਕਟ ਦੀ ਧਾਰਾ 25 ਅਤੇ ਬੀ. ਐਨ. ਐਸ. ਦੀ ਧਾਰਾ 61(2) ਤਹਿਤ ਐਫ. ਆਈ. ਆਰ. ਨੰਬਰ 61 ਮਿਤੀ 16.10.2025 ਨੂੰ ਕੇਸ ਦਰਜ ਕੀਤਾ ਗਿਆ ਹੈ ।