ਸੜਕ ਹਾਦਸੇ ’ਚ ਹੋਈ ਪੰਜ ਜਣਿਆਂ ਦੀ ਮੌਤ ਜਲੰਧਰ : ਮਹਾਰਾਸ਼ਟਰ ਸੂਬੇ ਦੇ ਨਾਂਦੇੜ ਸਥਿਤ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਏ ਚਾਰ ਜਣਿਆਂ ਤੇ ਪਿੰਡ ਹੇੜੀਆਂ ਦੇ ਕਾਰ ਡਰਾਈਵਰ ਦੀ ਸੜਕ ਹਾਦਸੇ ’ਚ ਮੌਤ ਹੋ ਗਈ, ਜਦੋਂ ਕਿ ਮਰਨ ਵਾਲਿਆਂ ’ਚ ਦੋ ਮੈਂਬਰ ਕੈਨੇਡਾ ਤੋਂ ਆਏ ਸਨ। ਸ਼ੂਗਰ ਮਿੱਲ ਨਵਾਂਸ਼ਹਿਰ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਝਿੰਗੜ ਨੇ ਦੱਸਿਆ ਕਿ ਪਿੰਡ ਵਾਸੀ ਸਰਦਾਰਾ ਸਿੰਘ ਦੀ ਪਤਨੀ ਭਜਨ ਕੌਰ ਤੇ ਉਨ੍ਹਾਂ ਪੋਤਾ ਤਜਿੰਦਰ ਸਿੰਘ, ਵਿਦੇਸ਼ ਕੈਨੇਡਾ ਤੋਂ ਆਈ ਉਨ੍ਹਾਂ ਦੀ ਰਿਸ਼ਤੇਦਾਰ ਬਲਵੀਰ ਕੌਰ ਤੇ ਉਸ ਦਾ ਪੁੱਤਰ ਜਸਪ੍ਰੀਤ ਸਿੰਘ ਪਿੰਡ ਹੇੜੀਆਂ ਵਾਸੀ ਡਰਾਈਵਰ ਜਸਵਿੰਦਰ ਸਿੰਘ ਨਾਲ ਕਾਰ ’ਚ ਹਜ਼ੂਰ ਸਾਹਿਬ ਗਏ ਸਨ। ਮਹਾਰਾਸ਼ਟਰ ਦੇ ਕਲਮ ਯਵਤਮਾਲ ਨੇੜੇ ਉਨ੍ਹਾਂ ਦੀ ਕਾਰ ਨਾਲ ਸੜਕ ਹਾਦਸਾ ਵਾਪਰ ਗਿਆ ਜਿਸ ’ਚ ਪੰਜਾਂ ਦੀ ਮੌਤ ਹੋ ਗਈ। ਵੀਰਵਾਰ ਨੂੰ ਭਜਨ ਕੌਰ ਤੇ ਤਜਿੰਦਰ ਸਿੰਘ ਦਾ ਪਿੰਡ ਝਿੰਗੜਾ ਤੇ ਡਰਾਈਵਰ ਜਸਵਿੰਦਰ ਸਿੰਘ ਦਾ ਪਿੰਡ ਹੇੜੀਆਂ ’ਚ ਸਸਕਾਰ ਕਰ ਦਿੱਤਾ ਗਿਆ। ਜਦਿਕ ਬਲਵੀਰ ਕੌਰ ਤੇ ਉਸ ਦੇ ਪੁੱਤਰ ਜਸਪ੍ਰੀਤ ਦੀਆਂ ਲਾਸ਼ਾਂ ਕੈਨੇਡਾ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਕੈਨੇਡਾ ’ਚ ਹੀ ਕੀਤਾ ਜਾਵੇਗਾ ।
