

ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਸੰਜੈ ਟੰਡਨ ਨੇ ਅੱਜ ਸੈਕਟਰ-28 ਸਥਿਤ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਸੰਤ ਬਾਬਾ ਲੱਖਾ ਸਿੰਘ ਦਾ ਆਸ਼ੀਰਵਾਦ ਲਿਆ। ਬਾਬਾ ਜੀ ਨੇ ਆਸ਼ੀਰਵਾਦ ਵਜੋਂ ਉਨ੍ਹਾਂ ਨੂੰ ਸਿਰੋਪਾ ਭੇਟ ਕੀਤਾ ਅਤੇ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਸ੍ਰੀ ਟੰਡਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਖ ਧਰਮ ਵਿੱਚ ਅਟੁੱਟ ਵਿਸ਼ਵਾਸ ਹੈ। ਜਦੋਂ ਤੋਂ ਉਹ ਚੰਡੀਗੜ੍ਹ ਵਿਖੇ ਪਾਰਟੀ ਦੇ ਵੱਖ-ਵੱਖ ਰਾਜਾਂ ਦੇ ਇੰਚਾਰਜ ਸਨ, ਉਦੋਂ ਤੋਂ ਹੀ ਉਹ ਸਿੱਖ ਧਰਮ ਦੀ ਸੇਵਾ ਦੀ ਭਾਵਨਾ ਨਾਲ ਅਨੇਕਾਂ ਕਾਰਜ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਬਾਬਾ ਗੁਰਦੇਵ ਸਿੰਘ ਜੀ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਪਾਰਟੀ ਦੇ ਸੂਬਾ ਮੀਤ ਪ੍ਰਧਾਨ ਰਾਮਬੀਰ ਭੱਟੀ, ਸਾਬਕਾ ਮੇਅਰ ਅਨੂਪ ਗੁਪਤਾ ਅਤੇ ਮੀਡੀਆ ਵਿਭਾਗ ਦੇ ਸੂਬਾ ਕੋ-ਕਨਵੀਨਰ ਅਰੁਣਦੀਪ ਸਿੰਘ ਵੀ ਹਾਜ਼ਰ ਸਨ। ਸ੍ਰੀ ਟੰਡਨ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਿੱਖੀ ਪ੍ਰਤੀ ਆਸਥਾ ਦਿਖਾਉਂਦੇ ਹੋਏ ਕੀਤੇ ਕੰਮਾਂ ਦੀ ਗੱਲ ਕਰਦਿਆਂ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ, ਜੋ ਕਿ ਸਾਲਾਂ ਤੋਂ ਸਿੱਖ ਧਰਮ ਦੇ ਪੈਰੋਕਾਰਾਂ ਦੀ ਮੰਗ ਸੀ, ਉਸ ਨੂੰ ਤੁਰੰਤ ਪ੍ਰਭਾਵ ਨਾਲ ਤਿਆਰ ਕਰ ਲਿਆ ਗਿਆ ਅਤੇ ਸਾਡੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਦੇ ਦਰਸ਼ਨਾਂ ਲਈ ਰਸਤਾ ਸੁਖਾਲਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਆਸਥਾ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਆਪਣੇ ਹੱਥੀਂ ਸੰਗਤਾਂ ਦੀ ਸੇਵਾ ਕਰਨਾ ਆਪਣਾ ਸੁਭਾਗ ਸਮਝਦੇ ਹਨ ਅਤੇ ਸਾਰੇ ਗੁਰੂ ਸਾਹਿਬਾਨ ਵੱਲੋਂ ਦਿੱਤੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਂਦੇ ਹਨ।