post

Jasbeer Singh

(Chief Editor)

Patiala News

ਮਾਲਵਾ ਖੇਤਰ ਵਿੱਚ ਝਿਊਰ ਜਾਤੀ ਨਾਲ਼ ਸਬੰਧਤ ਲੋਕਾਂ ਦੇ ਪੇਸ਼ਾਵਰੀ ਧੰਦਿਆਂ ਵਿੱਚ ਹੋ ਰਿਹਾ ਪੀੜ੍ਹੀ-ਦਰ-ਪੀੜ੍ਹੀ ਬਦਲਾਅ: ਪੰਜ

post-img

ਮਾਲਵਾ ਖੇਤਰ ਵਿੱਚ ਝਿਊਰ ਜਾਤੀ ਨਾਲ਼ ਸਬੰਧਤ ਲੋਕਾਂ ਦੇ ਪੇਸ਼ਾਵਰੀ ਧੰਦਿਆਂ ਵਿੱਚ ਹੋ ਰਿਹਾ ਪੀੜ੍ਹੀ-ਦਰ-ਪੀੜ੍ਹੀ ਬਦਲਾਅ: ਪੰਜਾਬੀ ਯੂਨੀਵਰਸਿਟੀ ਦਾ ਤਾਜ਼ਾ ਅਧਿਐਨ ਮਸ਼ੀਨੀਕਰਨ, ਪੱਛਮੀਕਰਨ, ਸ਼ਹਿਰੀਕਰਨ, ਸਿੱਖਿਆ ਅਤੇ ਹੋਰ ਵਿਗਿਆਨਕ ਖੋਜਾਂ ਆਦਿ ਕਾਰਨ ਜੱਦੀ ਕਿੱਤਿਆਂ ਵਿੱਚ ਆਏ ਵੱਡੇ ਪਰਿਵਰਤਨ ਖੋਜ ਲਈ ਦੋ ਜ਼ਿਲ੍ਹੇ ਪਟਿਆਲਾ ਅਤੇ ਸੰਗਰੂਰ ਵਿਚੋਂ ਇਕੱਠੇ ਕੀਤੇ ਗਏ ਅੰਕੜੇ ਸਰਵੇਖਣ ਵਿੱਚ ਸ਼ਾਮਿਲ 310 ਲੋਕਾਂ ਵਿੱਚੋਂ 72.26 ਪ੍ਰਤੀਸ਼ਤ ਦਾ ਹੋ ਚੁੱਕਾ ਕਿੱਤਈ ਪਰਿਵਰਤਨ ਪਟਿਆਲਾ, 13 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਇੱਕ ਤਾਜ਼ਾ ਅਧਿਐਨ ਰਾਹੀਂ ਸਾਹਮਣੇ ਆਇਆ ਹੈ ਕਿ ਕਿਸ ਤਰ੍ਹਾਂ ਸੂਬੇ ਦੇ ਮਾਲਵਾ ਖੇਤਰ ਵਿੱਚ ਝਿਊਰ ਜਾਤੀ ਨਾਲ਼ ਸਬੰਧਤ ਲੋਕਾਂ ਦੇ ਪੇਸ਼ਾਵਰੀ ਧੰਦਿਆਂ ਵਿੱਚ ਪੀੜ੍ਹੀ-ਦਰ-ਪੀੜ੍ਹੀ ਬਦਲਾਅ ਹੋ ਰਿਹਾ ਹੈ। ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਵਿਖੇ ਡਾ. ਹਰਿੰਦਰ ਕੌਰ ਦੀ ਨਿਗਰਾਨੀ ਵਿੱਚ ਖੋਜਾਰਥੀ ਗੁਰਪ੍ਰੀਤ ਕੌਰ ਵੱਲੋਂ ਕੀਤਾ ਗਿਆ ਇਹ ਖੋਜ ਅਧਿਐਨ 'ਪੰਜਾਬ ਦੇ ਮਾਲਵਾ ਖੇਤਰ ਵਿੱਚ ਝਿਊਰ ਜਾਤੀ ਦੇ ਪੋਚਵਾਰ ਕਿੱਤਈ ਪਰਿਵਰਤਨ ਦਾ ਸਮਾਜ ਵਿਗਿਆਨਕ ਅਧਿਐਨ' ਵਿਸ਼ੇ ਉੱਤੇ ਸੀ। ਨਿਗਰਾਨ ਡਾ. ਹਰਿੰਦਰ ਕੌਰ ਨੇ ਦੱਸਿਆ ਕਿ ਮਸ਼ੀਨੀਕਰਨ, ਪੱਛਮੀਕਰਨ, ਸ਼ਹਿਰੀਕਰਨ, ਸਿੱਖਿਆ ਅਤੇ ਹੋਰ ਵਿਗਿਆਨਕ ਖੋਜਾਂ ਆਦਿ ਕਾਰਨ ਝਿਊਰ ਜਾਤ ਦੇ ਜੱਦੀ ਕਿੱਤਿਆਂ ਵਿੱਚ ਵੀ ਭਾਰੀ ਪਰਿਵਰਤਨ ਆਏ ਹਨ ਅਤੇ ਉਹਨਾਂ ਨੇ ਹੋਰ ਨਵੇਂ ਕਿੱਤਿਆਂ ਨੂੰ ਅਪਣਾਇਆ ਹੈ। ਨਵੀਂ ਪੀੜ੍ਹੀ ਦੀ ਜੱਦੀ ਕਿੱਤੇ ਵਿੱਚ ਘਟਦੀ ਦਿਲਚਸਪੀ, ਜੱਦੀ ਕਿੱਤੇ ਤੋਂ ਅਸ਼ੰਤੁਸ਼ਟੀ, ਜੱਦੀ ਕਿੱਤੇ ਦੀ ਆਮਦਨ ਤੋਂ ਅਸਤੁੰਸ਼ਟੀ, ਸਮਾਜਿਕ ਸਥਿਤੀ, ਮਸ਼ੀਨੀਕਰਨ ਕਰਕੇ ਪਾਣੀ ਢੋਣਾ ਬੰਦ ਹੋ ਜਾਣਾ, ਖੂਹ ਪੁੱਟਣ ਅਤੇ ਅੱਗ ਭੱਠੀਆਂ ਦਾ ਖ਼ਤਮ ਹੋਣਾ, ਮੈਰਿਜ ਪੈਲਸ ਕਾਰਨ ਲਾਗਪੁਣੇ ਦਾ ਘਟਣਾ, ਸਿੱਖਿਆ ਆਦਿ ਕਾਰਨਾਂ ਕਰ ਕੇ ਜੱਦੀ ਕਿੱਤੇ ਨੂੰ ਢਾਅ ਲੱਗੀ ਹੈ। ਉਨ੍ਹਾਂ ਦੱਸਿਆ ਕਿ ਝਿਊਰ ਜਾਤ ਨੂੰ ਪਾਣੀ ਭਰਨ ਦਾ ਕੰਮ ਕਰਨ ਕਰ ਕੇ ਜਾਣਿਆ ਜਾਂਦਾ ਸੀ। ਪਹਿਲੀ ਪੀੜ੍ਹੀ ਦੇ ਝਿਊਰ ਖੂਹਾਂ ਦੀ ਪੁਟਾਈ ਅਤੇ ਪਾਣੀ ਭਰਨ ਦਾ ਕੰਮ ਕਰਦੇ ਸਨ। ਇਹ ਲੋਕਾਂ ਦੇ ਘਰਾਂ ਵਿੱਚ ਘੜਿਆਂ ਅਤੇ ਚੰਮ ਦੀਆਂ ਮਸ਼ਕਾਂ ਰਾਹੀਂ ਪਾਣੀ ਭਰਦੇ ਸਨ। ਇਨ੍ਹਾਂ ਨੂੰ ਪਾਕਿਸਤਾਨ ਵਿਚ ਮਾਛੀ ਕਹਿੰਦੇ ਸਨ। ਦੂਜੀ ਪੀੜ੍ਹੀ ਦੇ ਝਿਊਰ ਲਾਗਪੁਣੇ ਦਾ ਕੰਮ ਕਰਦੇ ਸਨ। ਝਿਊਰ ਔਰਤਾਂ ਲਾਗਪੁਣੇ ਦੇ ਨਾਲ-ਨਾਲ ਭੱਠੀ ਤਪਾਉਣ ਦਾ ਕੰਮ ਕਰਦੀਆਂ ਸਨ। ਪਹਿਲੀ ਪੀੜ੍ਹੀ ਦੇ ਜੱਦੀ ਕਿੱਤੇ ਘੱਟ ਜਾਣ ਕਰਕੇ ਦੂਜੀ ਪੀੜ੍ਹੀ ਦੇ ਜੱਦੀ ਕਿੱਤਿਆਂ ਵਿਚ ਪਰਿਵਰਤਿਤ ਹੋ ਗਏ ਅਤੇ ਦੂਜੀ ਪੀੜ੍ਹੀ ਦੇ ਜੱਦੀ ਕਿੱਤੇ ਵੀ ਹੌਲੀ-ਹੌਲੀ ਘੱਟਦੇ ਗਏ। ਖੋਜ ਮੁਤਾਬਕ ਇਹ ਪਿੰਡਾਂ ਵਿੱਚ ਅੱਜ ਵੀ ਲਾਗਪੁਣੇ ਦਾ ਕੰਮ ਕਰਦੇ ਹਨ। ਖੋਜਾਰਥੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਖੋਜ ਅਧਿਐਨ ਦੇ ਪ੍ਰਾਪਤ ਅੰਕੜਿਆਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪਹਿਲੀ ਪੀੜ੍ਹੀ ਵਿਚ ਕਿੱਤਾ ਪਰਿਵਰਤਨ ਦੀ ਗਤੀ ਬਹੁਤੀ ਤੇਜ਼ ਨਹੀਂ ਸੀ। ਹੌਲ਼ੀ-ਹੌਲ਼ੀ ਬਦਲਾਅ ਆਇਆ, ਪਰੰਤੂ ਦੂਜੀ ਪੀੜ੍ਹੀ ਤੋਂ ਅਜੋਕੀ ਪੀੜ੍ਹੀ ਤੱਕ ਕਿੱਤਈ ਪਰਿਵਰਤਨ ਬਹੁਤ ਤੇਜ਼ੀ ਨਾਲ਼ ਹੋਇਆ। ਆਧੁਨਿਕ ਵਿਕਾਸ ਤੇਜ਼ ਗਤੀ ਨਾਲ਼ ਵਧਣ ਕਾਰਨ ਮੌਜੂਦਾ ਪੀੜ੍ਹੀ ਦਾ ਜੱਦੀ ਕਿੱਤਿਆਂ ਪ੍ਰਤੀ ਰੁਝਾਨ ਬਿਲਕੁਲ ਹੀ ਘਟ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਖੋਜ ਤੋਂ ਸਪੱਸ਼ਟ ਹੁੰਦਾ ਹੈ ਕਿ ਝਿਊਰ ਜਾਤ ਦੇ 72.26 ਪ੍ਰਤੀਸ਼ਤ ਉੱਤਰਦਾਤਿਆਂ ਨੇ ਆਪਣਾ ਕਿੱਤਈ ਪਰਿਵਰਤਨ ਕਰ ਲਿਆ ਹੈ ਅਤੇ 27.74 ਪ੍ਰਤੀਸ਼ਤ ਉੱਤਰਦਾਤੇ ਅੱਜ ਵੀ ਆਪਣੇ ਜੱਦੀ ਕਿੱਤੇ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਖੋਜ ਲਈ ਦੋ ਜ਼ਿਲ੍ਹੇ ਪਟਿਆਲਾ ਅਤੇ ਸੰਗਰੂਰ ਵਿੱਚੋਂ ਅੰਕੜੇ ਇਕੱਠੇ ਕੀਤੇ ਗਏ। ਦੋਹਾਂ ਜ਼ਿਲ੍ਹਿਆਂ ਵਿੱਚੋਂ 310 ਉੱਤਰਦਾਤਿਆਂ ਨੂੰ ਇਸ ਖੋਜ ਵਿੱਚ ਸ਼ਾਮਿਲ ਕੀਤਾ ਗਿਆ। ਪਟਿਆਲਾ ਜ਼ਿਲ੍ਹੇ ਦੇ 141 ਉੱਤਰਦਾਤੇ ਅਤੇ ਸੰਗਰੂਰ ਜ਼ਿਲ੍ਹੇ ਦੇ 169 ਉੱਤਰਦਾਤੇ ਲਏ ਗਏ। ਉੱਤਰਦਾਤਿਆਂ ਦੀ ਚੋਣ ਸ਼ਹਿਰਾਂ ਅਤੇ ਪਿੰਡਾਂ ਦੋਵਾਂ ਵਿੱਚੋਂ ਕੀਤੀ ਗਈ। ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਕਿ ਤਿੰਨੋਂ ਪੀੜ੍ਹੀਆਂ ਦੇ ਉੱਤਰਦਾਤਿਆਂ ਨੂੰ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਖੋਜ ਦੀ ਭਰੋਸੇਯੋਗਤਾ ਨੂੰ ਸਿੱਧ ਕਰਨ ਲਈ ਸਬੰਧਤ ਸਾਹਿਤ ਸਰਵੇਖਣ ਦੀ ਮਦਦ ਲਈ ਗਈ। ਉਨ੍ਹਾਂ ਦੱਸਿਆ ਕਿ ਝਿਊਰ ਜਾਤ ਦੇ ਉੱਪਰ ਹੁਣ ਤੱਕ ਕੋਈ ਵੀ ਕੰਮ ਨਹੀਂ ਹੋਇਆ। ਦੂਸਰੀਆਂ ਜਾਤਾਂ ਅਤੇ ਹੋਰ ਕਬੀਲਿਆਂ ਦੇ ਕਿੱਤਈ ਪਰਿਵਰਤਨ ਅਧਿਐਨਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹਰ ਜਾਤ ਦੀਆਂ ਨਵੀਆਂ ਪੀੜ੍ਹੀਆਂ ਨਵੀਆਂ ਤਕਨੀਕਾਂ ਵੱਲ ਆਕਰਸ਼ਿਤ ਹੋ ਰਹੀਆ ਹਨ। ਪੇਂਡੂ ਲੋਕ ਖੇਤੀਬਾੜੀ ਨੂੰ ਛੱਡ ਕੇ ਉਦਯੋਗਿਕ ਅਤੇ ਸਰਵਿਸ ਸੈਕਟਰ ਵੱਲ ਵੱਧ ਰਹੇ ਹਨ। ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਮੁਲਾਕਾਤ ਕਰਦਿਆਂ ਇਕ ਝਿਊਰ ਔਰਤ ਦਾ ਜਵਾਬ ਸੀ ਕਿ “ਹੁਣ ਆਮ ਤਾਂ ਅਸੀਂ ਜੋ ਕੰਮ ਮਿਲਦਾ ਮਜ਼ਦੂਰੀ ਜਾਂ ਨਰੇਗਾ ਜਾਂ ਘਰਾਂ ਵਿੱਚ ਨੌਕਰਾਣੀ ਆਦਿ ਦਾ ਕਰ ਲੈਂਦੇ ਹਾਂ ਪਰ ਕੁਝ ਘਰਾਂ ਨਾਲ਼ ਪੁਰਾਣੀ ਲਿਹਾਜ਼ ਕਰ ਕੇ ਜੁੜੇ ਹੋਏ ਹਨ ਤਾਂ ਜੋ ਕੋਈ ਦੁੱਖ ਸੁੱਖ ਦਾ ਵਿਹਾਰ ਹੁੰਦਾ ਲਾਗਪੁਣਾ ਵੀ ਕਰ ਲੈਂਦੇ ਹਾਂ।” ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੱਲੋਂ ਖੋਜਾਰਥੀ ਅਤੇ ਨਿਗਰਾਨ ਨੂੰ ਇਸ ਅਧਿਐਨ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਖੋਜਾਂ ਸਮਾਜ ਵਿੱਚ ਵਾਪਰ ਰਹੇ ਨਿਰੰਤਰ ਪਰਿਵਰਤਨਾਂ ਨੂੰ ਸਮਝਦਿਆਂ ਸਮਾਜ ਦੀ ਬਿਹਤਰੀ ਲਈ ਕਾਰਗਰ ਸਿੱਧ ਹੁੰਦੀਆਂ ਹਨ।

Related Post