

ਪਟਿਆਲਾ (ਜਸਬੀਰ) : ਪਟਿਆਲਾ ਵਿਚ ਜਨਮ ਦਿਨ ਮੌਕੇ ਕੇਕ ਖਾਣ ਨਾਲ ਹੋਈ ਬੱਚੀ ਦੀ ਮੌਤ ਦਾ ਮਾਮਲਾ ਅਜੇ ਸ਼ਾਂਤ ਨਹੀਂ ਸੀ ਹੋਇਆ ਕਿ ਹੁਣ ਪਟਿਆਲਾ ਦਾ ਹੀ ਇਕ ਹੋਰ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਡੇਢ ਸਾਲ ਦੀ ਬੱਚੀ ਦੀ ਚਾਕਲੇਟ ਖਾਣ ਨਾਲ ਹਾਲਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਮਾਮਲਾ ਪਟਿਆਲਾ ਦੇ ਖਿਆਲਾ ਦਾ ਹੈ, ਜਿੱਥੇ ਇੱਕ ਡੇਢ ਸਾਲ ਦੀ ਬੱਚੀ ਨੇ ਕਰਿਆਨੇ ਦੀ ਦੁਕਾਨ ਤੋਂ ਚਾਕਲੇਟ ਖਰੀਦੀ ਸੀ, ਜਿਸ ਤੋਂ ਬਾਅਦ ਉਸ ਦੀ ਹਾਲਤ ਖਰਾਬ ਹੋ ਗਈ। ਦੇਖਦੇ ਹੀ ਦੇਖਦੇ ਬੱਚੀ ਖੂਨ ਦੀਆਂ ਉਲਟੀਆਂ ਕਰਨ ਲੱਗ ਪਈ, ਜਿਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ। ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੂਜੇ ਪਾਸੇ ਪਰਿਵਾਰ ਨੇ ਜਿਸ ਦੁਕਾਨ ਤੋਂ ਇਹ ਚਕਲੇਟ ਦਾ ਡੱਬਾ ਖਰੀਦਿਆ ਸੀ, ਉਸ ਦੁਕਾਨ ਤੇ ਪੁਲਸ ਅਤੇ ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ। ਦੁਕਾਨ ਤੋਂ ਸਿਹਤ ਵਿਭਾਗ ਦੀ ਟੀਮ ਨੂੰ ਹੋਰ ਵੀ ਮਿਆਦ ਪੁਗਾ ਚੁੱਕੀਆਂ ਚਾਕਲੇਟ ਅਤੇ ਨਮਕੀਨ ਦੇ ਪੈਕੇਟ ਬਰਾਮਦ ਹੋਏ ਹਨ। ਫਿਲਹਾਲ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।